21ਜੇ ਤੂੰ ਮੇਰੇ ਲੋਕਾਂ ਨੂੰ ਨਾ ਜਾਣ ਦੇਵੇਂਗਾ ਤਾਂ ਮੈਂ ਤੇਰੇ ਉੱਤੇ ਅਤੇ ਤੇਰੇ ਅਧਿਕਾਰੀਆਂ ਉੱਤੇ, ਤੇਰੇ ਲੋਕਾਂ ਉੱਤੇ ਅਤੇ ਤੁਹਾਡੇ ਘਰਾਂ ਵਿੱਚ ਮੱਖੀਆਂ ਦੇ ਝੁੰਡ ਭੇਜਾਂਗਾ। ਮਿਸਰੀਆਂ ਦੇ ਘਰ ਮੱਖੀਆਂ ਨਾਲ ਭਰ ਜਾਣਗੇ, ਇੱਥੋਂ ਤੱਕ ਕਿ ਜ਼ਮੀਨ ਉਹਨਾਂ ਨਾਲ ਢੱਕੀ ਜਾਵੇਗੀ।
22“ ‘ਪਰ ਉਸ ਦਿਨ ਮੈਂ ਗੋਸ਼ੇਨ ਦੇਸ਼ ਦੀ ਧਰਤੀ ਨਾਲ ਵੱਖਰਾ ਵਿਹਾਰ ਕਰਾਂਗਾ, ਜਿੱਥੇ ਮੇਰੇ ਲੋਕ ਰਹਿੰਦੇ ਹਨ; ਉੱਥੇ ਮੱਖੀਆਂ ਦੇ ਝੁੰਡ ਨਹੀਂ ਹੋਣਗੇ, ਤਾਂ ਜੋ ਤੁਸੀਂ ਜਾਣ ਸਕੋ ਕਿ ਮੈਂ, ਯਾਹਵੇਹ, ਇਸ ਧਰਤੀ ਵਿੱਚ ਹਾਂ।
23ਮੈਂ ਆਪਣੇ ਲੋਕਾਂ ਅਤੇ ਤੁਹਾਡੇ ਲੋਕਾਂ ਵਿੱਚ ਫ਼ਰਕ ਬਣਾਵਾਂਗਾ। ਇਹ ਚਿੰਨ੍ਹ ਕੱਲ੍ਹ ਹੋਵੇਗਾ।’ ”
24ਅਤੇ ਯਾਹਵੇਹ ਨੇ ਇਹ ਹੀ ਕੀਤਾ। ਮੱਖੀਆਂ ਦੇ ਸੰਘਣੇ ਝੁੰਡ ਫ਼ਿਰਾਊਨ ਦੇ ਮਹਿਲ ਅਤੇ ਉਸ ਦੇ ਅਧਿਕਾਰੀਆਂ ਦੇ ਘਰਾਂ ਵਿੱਚ ਵਹਿ ਗਏ; ਮਿਸਰ ਦੇ ਸਾਰੇ ਦੇਸ਼ ਨੂੰ ਮੱਖੀਆਂ ਨੇ ਤਬਾਹ ਕਰ ਦਿੱਤਾ ਸੀ।
25ਤਦ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਜਾਓ, ਇਸ ਦੇਸ਼ ਵਿੱਚ ਆਪਣੇ ਪਰਮੇਸ਼ਵਰ ਨੂੰ ਬਲੀ ਚੜ੍ਹਾਓ।”