1ਤਦ ਆਤਮਾ ਨੇ ਮੈਨੂੰ ਉੱਪਰ ਚੁੱਕ ਲਿਆ ਅਤੇ ਮੈਨੂੰ ਯਾਹਵੇਹ ਦੇ ਘਰ ਦੇ ਦਰਵਾਜ਼ੇ ਕੋਲ ਲੈ ਗਿਆ ਜਿਸ ਦਾ ਮੂੰਹ ਪੂਰਬ ਵੱਲ ਹੈ। ਉੱਥੇ ਫਾਟਕ ਦੇ ਦਰਵਾਜ਼ੇ ਉੱਤੇ ਪੱਚੀ ਆਦਮੀ ਸਨ ਅਤੇ ਮੈਂ ਉਹਨਾਂ ਵਿੱਚੋਂ ਅੱਜ਼ੂਰ ਦੇ ਪੁੱਤਰ ਯਅਜ਼ਨਯਾਹ ਅਤੇ ਬਨਾਯਾਹ ਦੇ ਪੁੱਤਰ ਪਲਟਯਾਹ ਨੂੰ ਵੇਖਿਆ ਜੋ ਲੋਕਾਂ ਦੇ ਆਗੂ ਸਨ।
2ਯਾਹਵੇਹ ਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਇਹ ਉਹ ਆਦਮੀ ਹਨ ਜਿਹੜੇ ਇਸ ਸ਼ਹਿਰ ਵਿੱਚ ਬਦੀ ਦੀ ਯੋਜਨਾ ਬਣਾਉਂਦੇ ਅਤੇ ਬੁਰੀ ਸਲਾਹ ਦਿੰਦੇ ਹਨ।
3ਉਹ ਕਹਿੰਦੇ ਹਨ, ‘ਕੀ ਸਾਡੇ ਘਰ ਹਾਲ ਹੀ ਵਿੱਚ ਦੁਬਾਰਾ ਨਹੀਂ ਬਣਾਏ ਗਏ ਹਨ? ਇਹ ਸ਼ਹਿਰ ਇੱਕ ਘੜਾ ਹੈ ਅਤੇ ਅਸੀਂ ਇਸ ਵਿੱਚ ਮਾਸ ਹਾਂ।’
4ਇਸ ਲਈ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ; ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ।”