ਹਿਜ਼ਕੀਏਲ 6

1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਪਹਾੜਾਂ ਦੇ ਵਿਰੁੱਧ ਆਪਣਾ ਮੂੰਹ ਕਰ ਅਤੇ ਭਵਿੱਖਬਾਣੀ ਕਰ;

3ਤੂੰ ਆਖ, ਹੇ ਇਸਰਾਏਲ ਦੇ ਪਰਬਤੋਂ, ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਸੁਣੋ! ਸਰਬਸ਼ਕਤੀਮਾਨ ਯਾਹਵੇਹ ਪਹਾੜਾਂ, ਟਿੱਲਿਆਂ, ਨਾਲਿਆਂ ਅਤੇ ਵਾਦੀਆਂ ਨੂੰ ਇਸ ਤਰ੍ਹਾਂ ਆਖਦਾ ਹੈ ਕਿ ਵੇਖੋ, ਮੈਂ, ਹਾਂ, ਮੈਂ ਹੀ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਅਤੇ ਤੁਹਾਡੇ ਉੱਚੇ ਸਥਾਨਾਂ ਨੂੰ ਨਾਸ ਕਰਾਂਗਾ।

4ਤੁਹਾਡੀਆਂ ਜਗਵੇਦੀਆਂ ਢਾਹ ਦਿੱਤੀਆਂ ਜਾਣਗੀਆਂ ਅਤੇ ਤੁਹਾਡੀਆਂ ਧੂਪ ਦੀਆਂ ਜਗਵੇਦੀਆਂ ਤੋੜ ਦਿੱਤੀਆਂ ਜਾਣਗੀਆਂ ਅਤੇ ਮੈਂ ਤੁਹਾਡੇ ਲੋਕਾਂ ਨੂੰ ਤੁਹਾਡੀਆਂ ਮੂਰਤੀਆਂ ਦੇ ਸਾਹਮਣੇ ਮਾਰ ਦਿਆਂਗਾ।

5ਮੈਂ ਇਸਰਾਏਲੀਆਂ ਦੀਆਂ ਲਾਸ਼ਾਂ ਨੂੰ ਉਹਨਾਂ ਦੀਆਂ ਮੂਰਤੀਆਂ ਅੱਗੇ ਰੱਖ ਦਿਆਂਗਾ, ਅਤੇ ਤੁਹਾਡੀਆਂ ਹੱਡੀਆਂ ਨੂੰ ਤੁਹਾਡੀਆਂ ਜਗਵੇਦੀਆਂ ਦੁਆਲੇ ਖਿਲਾਰ ਦਿਆਂਗਾ।

6ਤੁਹਾਡੇ ਰਹਿਣ ਦੇ ਸਾਰੇ ਇਲਾਕੇ ਦੇ ਸ਼ਹਿਰ ਉੱਜੜ ਜਾਣਗੇ ਅਤੇ ਉੱਚੇ ਸਥਾਨ ਵਿਰਾਨ ਹੋ ਜਾਣਗੇ, ਤਾਂ ਜੋ ਤੁਹਾਡੀਆਂ ਜਗਵੇਦੀਆਂ ਉਜਾੜ ਦਿੱਤੀਆਂ ਜਾਣਗੀਆਂ ਅਤੇ ਤਬਾਹ ਹੋ ਜਾਣਗੀਆਂ, ਤੁਹਾਡੀਆਂ ਮੂਰਤੀਆਂ ਨੂੰ ਤੋੜ ਦਿੱਤੀਆਂ ਜਾਣਗੀਆਂ ਅਤੇ ਬਰਬਾਦ ਕੀਤੀਆਂ ਜਾਣਗੀਆਂ, ਤੁਹਾਡੀਆਂ ਧੂਪ ਜਗਵੇਦੀਆਂ ਨੂੰ ਤੋੜ ਦਿੱਤਾ ਜਾਵੇਗਾ, ਅਤੇ ਜੋ ਕੁਝ ਤੁਸੀਂ ਬਣਾਇਆ ਹੈ ਮਿਟਾ ਦਿੱਤਾ ਜਾਵੇਗਾ।

7ਤੁਹਾਡੇ ਲੋਕ ਤੁਹਾਡੇ ਵਿੱਚ ਮਾਰੇ ਜਾਣਗੇ, ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਹਾਂ।

8“ ‘ਪਰ ਮੈਂ ਕਈਆਂ ਨੂੰ ਛੱਡਾਂਗਾ, ਕਿਉਂਕਿ ਤੁਹਾਡੇ ਵਿੱਚੋਂ ਕੁਝ ਤਲਵਾਰ ਤੋਂ ਬਚ ਜਾਣਗੇ ਜਦੋਂ ਤੁਸੀਂ ਦੇਸ਼ਾਂ ਅਤੇ ਕੌਮਾਂ ਵਿੱਚ ਖਿੰਡ ਜਾਓਗੇ।

9ਤਦ ਉਹਨਾਂ ਕੌਮਾਂ ਵਿੱਚ ਜਿੱਥੇ ਉਹਨਾਂ ਨੂੰ ਗ਼ੁਲਾਮ ਬਣਾਇਆ ਗਿਆ ਹੈ, ਜਿਹੜੇ ਬਚ ਗਏ ਹਨ ਉਹ ਮੈਨੂੰ ਯਾਦ ਕਰਨਗੇ ਮੈਂ ਉਹਨਾਂ ਦੇ ਵਿਭਚਾਰੀ ਦਿਲਾਂ ਦੁਆਰਾ, ਜੋ ਮੇਰੇ ਤੋਂ ਦੂਰ ਹੋ ਗਏ ਹਨ, ਅਤੇ ਉਹਨਾਂ ਦੀਆਂ ਅੱਖਾਂ ਦੁਆਰਾ, ਜਿਨ੍ਹਾਂ ਨੇ ਉਹਨਾਂ ਦੀਆਂ ਮੂਰਤੀਆਂ ਦੀ ਕਾਮਨਾ ਕੀਤੀ ਅਤੇ ਉਦਾਸ ਕੀਤਾ ਹੈ। ਉਹ ਆਪਣੇ ਆਪ ਨੂੰ ਉਸ ਬੁਰਿਆਈ ਲਈ ਅਤੇ ਆਪਣੇ ਸਾਰੇ ਘਿਣਾਉਣੇ ਕੰਮਾਂ ਲਈ ਨਫ਼ਰਤ ਕਰਨਗੇ।

10ਅਤੇ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ; ਮੈਂ ਉਹਨਾਂ ਉੱਤੇ ਇਹ ਬਿਪਤਾ ਲਿਆਉਣ ਦੀ ਵਿਅਰਥ ਧਮਕੀ ਨਹੀਂ ਦਿੱਤੀ।

11“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਆਪਣੇ ਹੱਥ ਇਕੱਠੇ ਕਰੋ ਅਤੇ ਆਪਣੇ ਪੈਰਾਂ ਤੇ ਮੋਹਰ ਲਗਾਓ ਅਤੇ ਪੁਕਾਰੋ “ਹਾਏ!” ਇਸਰਾਏਲ ਦੇ ਲੋਕਾਂ ਦੇ ਸਾਰੇ ਦੁਸ਼ਟ ਅਤੇ ਘਿਣਾਉਣੇ ਕੰਮਾਂ ਦੇ ਕਾਰਨ, ਕਿਉਂਕਿ ਉਹ ਤਲਵਾਰ, ਕਾਲ ਅਤੇ ਬਵਾ ਨਾਲ ਡਿੱਗਣਗੇ।

12ਜਿਹੜਾ ਦੂਰ ਹੈ ਉਹ ਬਵਾ ਨਾਲ ਮਰ ਜਾਵੇਗਾ ਅਤੇ ਜਿਹੜਾ ਨੇੜੇ ਹੈ ਉਹ ਤਲਵਾਰ ਨਾਲ ਮਰ ਜਾਵੇਗਾ, ਅਤੇ ਜਿਹੜਾ ਬਚਿਆ ਹੋਇਆ ਹੈ ਉਹ ਕਾਲ ਨਾਲ ਮਰ ਜਾਵੇਗਾ। ਇਸੇ ਤਰ੍ਹਾਂ ਮੈਂ ਉਹਨਾਂ ਉੱਤੇ ਆਪਣਾ ਕ੍ਰੋਧ ਪਾਵਾਂਗਾ।

13ਜਦ ਉਹਨਾਂ ਦੇ ਵੱਢੇ ਹੋਏ ਬੰਦੇ ਹਰੇਕ ਉੱਚੇ ਟਿੱਲੇ ਅਤੇ ਪਹਾੜਾਂ ਦੀਆਂ ਸਾਰੀਆਂ ਚੋਟੀਆਂ ਉੱਤੇ, ਹਰੇਕ ਹਰੇ ਰੁੱਖ ਦੇ ਹੇਠ ਅਤੇ ਹਰੇਕ ਸੰਘਣੇ ਬਲੂਤ ਦੇ ਹੇਠਾਂ, ਹਰ ਥਾਂ ਜਿੱਥੇ ਉਹ ਆਪਣੇ ਸਾਰੇ ਬੁੱਤਾਂ ਦੇ ਲਈ ਸੁਗੰਧੀ ਧੁਖਾਉਂਦੇ ਸਨ, ਉਹਨਾਂ ਬੁੱਤਾਂ ਦੇ ਵਿੱਚ ਉਹਨਾਂ ਦੀਆਂ ਜਗਵੇਦੀਆਂ ਦੇ ਚਾਰੇ ਪਾਸੇ ਪਏ ਹੋਣਗੇ, ਤਦ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।

14ਅਤੇ ਮੈਂ ਉਹਨਾਂ ਦੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਦੇਸ ਨੂੰ ਉਜਾੜ ਤੋਂ ਲੈ ਕੇ ਦਿਬਲਾਹ ਤੱਕ, ਜਿੱਥੇ ਵੀ ਉਹ ਰਹਿਣਗੇ, ਬਰਬਾਦ ਕਰ ਦਿਆਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.