ਹਿਜ਼ਕੀਏਲ 2

1ਉਸ ਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਆਪਣੇ ਪੈਰਾਂ ਉੱਤੇ ਖਲੋ ਅਤੇ ਮੈਂ ਤੇਰੇ ਨਾਲ ਗੱਲ ਕਰਾਂਗਾ।”

2ਜਦੋਂ ਉਹ ਬੋਲਿਆਂ ਤਾਂ ਆਤਮਾ ਮੇਰੇ ਅੰਦਰ ਆਇਆ ਅਤੇ ਮੈਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕੀਤਾ ਤਦ ਮੈਂ ਉਸ ਦੀ ਸੁਣੀ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ।

3ਉਸ ਨੇ ਕਿਹਾ, “ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲੀਆਂ ਕੋਲ, ਇੱਕ ਬਾਗ਼ੀ ਕੌਮ ਕੋਲ ਭੇਜ ਰਿਹਾ ਹਾਂ ਜਿਸ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ; ਉਹ ਅਤੇ ਉਹਨਾਂ ਦੇ ਪੁਰਖੇ ਅੱਜ ਤੱਕ ਮੇਰੇ ਵਿਰੁੱਧ ਬਗਾਵਤ ਕਰਦੇ ਰਹੇ ਹਨ।

4ਜਿਨ੍ਹਾਂ ਲੋਕਾਂ ਕੋਲ ਮੈਂ ਤੁਹਾਨੂੰ ਭੇਜ ਰਿਹਾ ਹਾਂ ਉਹ ਜ਼ਿੱਦੀ ਅਤੇ ਪੱਥਰ ਦਿਲ ਹਨ। ਉਹਨਾਂ ਨੂੰ ਆਖੋ, ‘ਪ੍ਰਭੂ ਯਾਹਵੇਹ ਇਹੀ ਆਖਦਾ ਹੈ।’

5ਭਾਵੇਂ ਉਹ ਸੁਣਨ ਜਾਂ ਨਾ ਸੁਣਨ ਕਿਉਂ ਜੋ ਉਹ ਤਾਂ ਇੱਕ ਵਿਦਰੋਹੀ ਘਰਾਣਾ ਹੈ, ਪਰ ਉਹ ਜਾਣ ਲੈਣਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਪਰਗਟ ਹੋਇਆ ਹੈ।

6ਅਤੇ ਹੇ ਮਨੁੱਖ ਦੇ ਪੁੱਤਰ, ਤੂੰ ਉਹਨਾਂ ਤੋਂ ਨਾ ਡਰੀ ਨਾ ਉਹਨਾਂ ਦੀਆਂ ਗੱਲਾਂ ਤੋਂ ਭੈਭੀਤ ਹੋਈ, ਭਾਵੇਂ ਤੇਰੇ ਨਾਲ ਝਾੜੀਆਂ ਅਤੇ ਕੰਡੇ ਹਨ ਅਤੇ ਤੂੰ ਬਿੱਛੂਆਂ ਦੇ ਵਿੱਚ ਵੱਸਦਾ ਹੈ। ਪਰ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਘਬਰਾ, ਕਿਉਂ ਜੋ ਉਹ ਇੱਕ ਵਿਦਰੋਹੀ ਘਰਾਣਾ ਹੈ।

7ਤੂੰ ਮੇਰੇ ਸ਼ਬਦ ਉਹਨਾਂ ਨੂੰ ਸੁਣਾ, ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਕਿਉਂਕਿ ਉਹ ਵਿਦਰੋਹੀ ਹਨ।

8ਪਰ ਹੇ ਮਨੁੱਖ ਦੇ ਪੁੱਤਰ, ਤੂੰ ਉਹ ਸੁਣ ਜੋ ਮੈਂ ਤੈਨੂੰ ਆਖਦਾ ਹਾਂ। ਉਹਨਾਂ ਬਾਗ਼ੀ ਲੋਕਾਂ ਵਾਂਗ ਬਗਾਵਤ ਨਾ ਕਰ; ਆਪਣਾ ਮੂੰਹ ਖੋਲ ਅਤੇ ਉਹ ਖਾ ਜੋ ਮੈਂ ਤੈਨੂੰ ਦਿੰਦਾ ਹਾਂ।”

9ਫਿਰ ਵੇਖੋ, ਤਾਂ ਮੈਂ ਇੱਕ ਹੱਥ ਨੂੰ ਮੇਰੇ ਵੱਲ ਵਧਿਆ ਹੋਇਆ ਵੇਖਿਆ। ਉਸ ਵਿੱਚ ਇੱਕ ਪੱਤਰੀ ਸੀ,

10ਉਸ ਨੇ ਉਸ ਨੂੰ ਮੇਰੇ ਸਾਹਮਣੇ ਖੋਲ੍ਹ ਦਿੱਤਾ, ਉਸ ਦੇ ਵਿੱਚ ਅੰਦਰ-ਬਾਹਰ ਲਿਖਿਆ ਹੋਇਆ ਸੀ ਅਤੇ ਉਸ ਦੇ ਵਿੱਚ ਵਿਰਲਾਪ, ਸੋਗ ਅਤੇ ਸਿਆਪਾ ਲਿਖੇ ਹੋਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.