ਹਿਜ਼ਕੀਏਲ 3

1ਅਤੇ ਉਸ ਨੇ ਮੈਨੂੰ ਕਿਹਾ, “ਮਨੁੱਖ ਦੇ ਪੁੱਤਰ, ਜੋ ਕੁਝ ਤੇਰੇ ਸਾਹਮਣੇ ਹੈ ਖਾ ਲੈ, ਇਸ ਲਪੇਟਵੀਂ ਪੱਤਰੀ ਨੂੰ ਖਾ ਲੈ ਅਤੇ ਫਿਰ ਜਾ ਕੇ ਇਸਰਾਏਲ ਦੇ ਲੋਕਾਂ ਨਾਲ ਗੱਲ ਕਰ।”

2ਤਾਂ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਉਸਨੇ ਮੈਨੂੰ ਖਾਣ ਲਈ ਲਪੇਟਵੀਂ ਪੱਤਰੀ ਦਿੱਤੀ।

3ਤਦ ਉਸ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਇਹ ਲਪੇਟਵੀਂ ਪੱਤਰੀ ਖਾ ਲੈ ਜੋ ਮੈਂ ਤੈਨੂੰ ਦੇ ਰਿਹਾ ਹਾਂ ਅਤੇ ਇਸ ਨਾਲ ਆਪਣਾ ਪੇਟ ਭਰ।” ਇਸ ਲਈ ਮੈਂ ਇਸ ਨੂੰ ਖਾ ਲਿਆ ਅਤੇ ਇਸਦਾ ਸੁਆਦ ਮੇਰੇ ਮੂੰਹ ਵਿੱਚ ਸ਼ਹਿਦ ਵਰਗਾ ਮਿੱਠਾ ਸੀ।

4ਉਹ ਨੇ ਮੈਨੂੰ ਆਖਿਆ, “ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਕੋਲ ਜਾ ਅਤੇ ਮੇਰੀਆਂ ਇਹ ਗੱਲਾਂ ਉਹਨਾਂ ਨੂੰ ਦੱਸ।

5ਕਿਉਂ ਜੋ ਤੈਨੂੰ ਅਜਿਹੇ ਲੋਕਾਂ ਵੱਲ ਨਹੀਂ ਭੇਜਿਆ ਜਾਂਦਾ, ਜਿਹਨਾਂ ਦੀ ਬੋਲੀ ਓਪਰੀ ਅਤੇ ਜਿਹਨਾਂ ਦੀ ਭਾਸ਼ਾ ਔਖੀ ਹੈ, ਸਗੋਂ ਇਸਰਾਏਲ ਦੇ ਘਰਾਣੇ ਕੋਲ ਭੇਜਿਆ ਜਾਂਦਾ ਹੈ,

6ਨਾ ਬਹੁਤ ਸਾਰੀਆਂ ਉੱਮਤਾਂ ਕੋਲ ਜਿਹਨਾਂ ਦੀ ਬੋਲੀ ਓਪਰੀ ਅਤੇ ਭਾਸ਼ਾ ਔਖੀ ਹੈ, ਜਿਹਨਾਂ ਦੀਆਂ ਗੱਲਾਂ ਤੂੰ ਸਮਝ ਨਹੀਂ ਸਕਦਾ! ਜੇਕਰ ਮੈਂ ਤੈਨੂੰ ਉਹਨਾਂ ਦੇ ਕੋਲ ਭੇਜਦਾ, ਤਾਂ ਉਹ ਤੇਰੀ ਸੁਣਦੀਆਂ।

7ਪਰ ਇਸਰਾਏਲ ਦੇ ਲੋਕ ਤੇਰੀ ਗੱਲ ਨਹੀਂ ਸੁਣਨ ਲਈ ਤਿਆਰ ਨਹੀਂ ਹਨ ਕਿਉਂਕਿ ਉਹ ਮੇਰੀ ਗੱਲ ਸੁਣਨ ਲਈ ਤਿਆਰ ਨਹੀਂ ਹਨ, ਕਿਉਂਕਿ ਸਾਰੇ ਇਸਰਾਏਲੀ ਕਠੋਰ ਅਤੇ ਜ਼ਿੱਦੀ ਹਨ।

8ਪਰ ਮੈਂ ਉਹਨਾਂ ਦੇ ਚਿਹਰਿਆਂ ਦੇ ਵਿਰੁੱਧ ਤੇਰਾ ਚਿਹਰਾ ਕਠੋਰ ਅਤੇ ਤੇਰਾ ਮੱਥਾ ਉਹਨਾਂ ਦੇ ਮੱਥਿਆਂ ਦੇ ਵਿਰੁੱਧ ਢੀਠ ਕਰ ਦਿੱਤਾ ਹੈ।

9ਮੈਂ ਤੇਰੇ ਮੱਥੇ ਨੂੰ ਹੀਰੇ ਵਾਂਗੂੰ ਚਕਮਕ ਪੱਥਰ ਤੋਂ ਵੀ ਵਧੀਕ ਕਠੋਰ ਬਣਾ ਦਿਆਂਗਾ, ਉਹਨਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਦੇਖ ਨਿਰਾਸ਼ ਨਾ ਹੋ, ਕਿਉਂਕਿ ਉਹ ਵਿਦਰੋਹੀ ਘਰਾਣਾ ਹੈ।”

10ਅਤੇ ਉਸਨੇ ਮੈਨੂੰ ਕਿਹਾ, “ਮਨੁੱਖ ਦੇ ਪੁੱਤਰ, ਧਿਆਨ ਨਾਲ ਸੁਣ ਅਤੇ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਜੋ ਮੈਂ ਤੈਨੂੰ ਆਖਦਾ ਹਾਂ।

11ਹੁਣ ਤੂੰ ਗੁਲਾਮਾਂ ਅਥਵਾ ਆਪਣੇ ਲੋਕਾਂ ਕੋਲ ਜਾ ਅਤੇ ਉਹਨਾਂ ਨਾਲ ਗੱਲ ਕਰ। ਉਹਨਾਂ ਨੂੰ ਆਖ, ‘ਪ੍ਰਭੂ ਯਾਹਵੇਹ ਇਹ ਆਖਦਾ ਹੈ,’ ਭਾਵੇਂ ਉਹ ਸੁਣਨ ਜਾਂ ਨਾ ਸੁਣਨ।”

12ਫਿਰ ਆਤਮਾ ਨੇ ਮੈਨੂੰ ਚੁੱਕ ਲਿਆ ਅਤੇ ਮੈਂ ਆਪਣੇ ਪਿੱਛੇ ਇੱਕ ਵੱਡੀ ਭੂਚਾਲ ਵਰਗੀ ਆਵਾਜ਼ ਸੁਣੀ ਜੋ ਇਸ ਤਰ੍ਹਾਂ ਸੀ ਕਿ ਯਾਹਵੇਹ ਦਾ ਪਰਤਾਪ ਉਹ ਦੇ ਸਥਾਨ ਤੋਂ ਮੁਬਾਰਕ ਹੋਵੇ।

13ਉਸ ਦੇ ਨਾਲ ਹੀ ਜੀਵਾਂ ਦੇ ਖੰਭਾਂ ਦੇ ਇੱਕ-ਦੂਜੇ ਨਾਲ ਛੂਹਣ ਦੀ ਆਵਾਜ਼, ਉਹਨਾਂ ਦੇ ਪਹੀਆ ਦੀ ਆਵਾਜ਼ ਅਤੇ ਇੱਕ ਵੱਡੇ ਭੂਚਾਲ ਦੀ ਆਵਾਜ਼, ਜੋ ਮੈਂ ਸੁਣੀ।

14ਤਦ ਆਤਮਾ ਮੈਨੂੰ ਚੁੱਕ ਕੇ ਦੂਰ ਲੈ ਗਿਆ, ਸੋ ਮੈਂ ਆਤਮਾ ਦੀ ਕੁੜੱਤਣ ਅਤੇ ਕ੍ਰੋਧ ਵਿੱਚ ਤੁਰ ਪਿਆ ਅਤੇ ਯਾਹਵੇਹ ਦਾ ਹੱਥ ਮੇਰੇ ਉੱਤੇ ਭਾਰੀ ਸੀ।

15ਮੈਂ ਉਹਨਾਂ ਗ਼ੁਲਾਮਾਂ ਕੋਲ ਆਇਆ ਜੋ ਕੇਬਰ ਨਦੀ ਦੇ ਨੇੜੇ ਤੇਲ-ਆਬੀਬ ਵਿੱਚ ਰਹਿੰਦੇ ਸਨ ਅਤੇ ਜਿੱਥੇ ਉਹ ਰਹਿੰਦੇ ਸਨ ਅਤੇ ਮੈਂ ਸੱਤ ਦਿਨਾਂ ਤੱਕ ਉਹਨਾਂ ਦੇ ਵਿਚਕਾਰ ਹੈਰਾਨ ਹੋ ਕੇ ਬੈਠਾ ਰਿਹਾ।

16ਸੱਤ ਦਿਨਾਂ ਦੇ ਅੰਤ ਵਿੱਚ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ:

17“ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਲੋਕਾਂ ਲਈ ਚੌਕੀਦਾਰ ਬਣਾਇਆ ਹੈ; ਇਸ ਲਈ ਉਹ ਸ਼ਬਦ ਸੁਣ ਜੋ ਮੈਂ ਬੋਲਦਾ ਹਾਂ ਅਤੇ ਉਹਨਾਂ ਨੂੰ ਮੇਰੇ ਵੱਲੋਂ ਚੇਤਾਵਨੀ ਦਿਓ।

18ਜਦੋਂ ਮੈਂ ਦੁਸ਼ਟ ਨੂੰ ਆਖਾਂ ਤੂੰ ਜ਼ਰੂਰ ਹੀ ਮਰੇਗਾ ਅਤੇ ਤੂੰ ਉਹਨਾਂ ਨੂੰ ਚੇਤਾਵਨੀ ਨਹੀਂ ਦਿੰਦਾ ਅਤੇ ਦੁਸ਼ਟ ਨੂੰ ਉਹ ਦੀ ਬੁਰਾਈ ਤੋਂ ਚੌਕਸ ਨਾ ਕਰੇ, ਤਾਂ ਕਿ ਉਹ ਜੀਉਂਦਾ ਰਹੇ; ਤਾਂ ਦੁਸ਼ਟ ਆਪਣੀ ਬਦੀ ਵਿੱਚ ਤਾਂ ਮਰੇਗਾ, ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ।

19ਪਰ ਜੇ ਤੂੰ ਦੁਸ਼ਟ ਵਿਅਕਤੀ ਨੂੰ ਚੇਤਾਵਨੀ ਦੇਵੇਂ ਅਤੇ ਉਹ ਆਪਣੀ ਬੁਰਾਈ ਅਤੇ ਬੁਰੇ ਕੰਮਾਂ ਤੋਂ ਨਾ ਮੁੜੇ, ਤਾਂ ਉਹ ਆਪਣੇ ਪਾਪ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਨੂੰ ਬਚਾ ਲਵੇਂਗਾ।

20“ਜੇਕਰ ਕੋਈ ਧਰਮੀ ਆਪਣੇ ਧਰਮ ਤੋਂ ਮੁੜ ਕੇ ਬਦੀ ਕਰੇ ਅਤੇ ਮੈਂ ਉਹ ਦੇ ਅੱਗੇ ਠੋਕਰ ਲਾਉਣ ਵਾਲਾ ਪੱਥਰ ਰੱਖਾਂ ਤਾਂ ਉਹ ਮਰ ਜਾਵੇਗਾ, ਕਿਉਂਕਿ ਤੂੰ ਉਸ ਨੂੰ ਚੇਤਾਵਨੀ ਨਹੀਂ ਦਿੱਤੀ। ਉਹ ਆਪਣੇ ਪਾਪ ਵਿੱਚ ਮਰੇਗਾ ਅਤੇ ਉਹ ਦੇ ਧਰਮ ਦੇ ਕੰਮ ਜਿਹੜੇ ਉਸ ਨੇ ਕੀਤੇ ਚੇਤੇ ਨਾ ਕੀਤੇ ਜਾਣਗੇ, ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ।

21ਪਰ ਜੇ ਤੂੰ ਉਸ ਧਰਮੀ ਨੂੰ ਚੇਤਾਵਨੀ ਦੇਵੇ ਤਾਂ ਕਿ ਉਹ ਧਰਮੀ ਪਾਪ ਨਾ ਕਰੇ ਅਤੇ ਉਹ ਪਾਪਾਂ ਤੋਂ ਬਚਿਆ ਰਹੇ, ਤਾਂ ਉਹ ਪੱਕਾ ਹੀ ਜੀਵੇਗਾ, ਇਸ ਲਈ ਕਿ ਉਹ ਨੇ ਚੇਤਾਵਨੀ ਮੰਨੀ ਅਤੇ ਤੂੰ ਆਪਣੀ ਜਾਨ ਬਚਾ ਲਵੇਂਗਾ।”

22ਉੱਥੇ ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸਨੇ ਮੈਨੂੰ ਕਿਹਾ, “ਉੱਠ ਅਤੇ ਮੈਦਾਨ ਵਿੱਚ ਜਾ, ਅਤੇ ਉੱਥੇ ਮੈਂ ਤੇਰੇ ਨਾਲ ਗੱਲ ਕਰਾਂਗਾ।”

23ਤਦ ਮੈਂ ਉੱਠ ਕੇ ਮੈਦਾਨ ਨੂੰ ਗਿਆ। ਤਾਂ ਵੇਖੋ, ਯਾਹਵੇਹ ਦਾ ਪਰਤਾਪ ਉਸ ਪਰਤਾਪ ਵਾਂਗੂੰ ਜੋ ਮੈਂ ਕੇਬਰ ਨਹਿਰ ਦੇ ਉੱਤੇ ਵੇਖਿਆ ਸੀ, ਖੜ੍ਹਾ ਸੀ ਅਤੇ ਮੈਂ ਮੂਧੇ ਮੂੰਹ ਡਿੱਗ ਪਿਆ।

24ਤਦ ਆਤਮਾ ਮੇਰੇ ਅੰਦਰ ਆਇਆ ਅਤੇ ਮੈਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕੀਤਾ। ਉਸਨੇ ਮੇਰੇ ਨਾਲ ਗੱਲਾਂ ਕੀਤੀਆ ਅਤੇ ਕਿਹਾ: “ਜਾ, ਆਪਣੇ ਆਪ ਨੂੰ ਆਪਣੇ ਘਰ ਦੇ ਅੰਦਰ ਬੰਦ ਕਰ।

25ਪਰ ਹੇ ਮਨੁੱਖ ਦੇ ਪੁੱਤਰ, ਵੇਖ, ਉਹ ਰੱਸੀਆਂ ਨਾਲ ਤੈਨੂੰ ਬੰਨ੍ਹਣਗੇ ਤਾਂ ਕਿ ਤੂੰ ਉਹਨਾਂ ਦੇ ਵਿੱਚੋਂ ਬਾਹਰ ਨਾ ਜਾ ਸਕੇ।

26ਮੈਂ ਤੇਰੀ ਜੀਭ ਤੇਰੇ ਤਾਲੂ ਨਾਲ ਜੋੜ ਦਿਆਂਗਾ ਤਾਂ ਜੋ ਤੂੰ ਚੁੱਪ ਹੋ ਜਾਵੇਂ ਅਤੇ ਉਹਨਾਂ ਨੂੰ ਝਿੜਕ ਨਾ ਸੱਕੇ, ਕਿਉਂ ਜੋ ਉਹ ਬਾਗ਼ੀ ਲੋਕ ਹਨ।

27ਪਰ ਜਦੋਂ ਮੈਂ ਤੇਰੇ ਨਾਲ ਗੱਲਾਂ ਕਰਾਂਗਾ, ਮੈਂ ਤੇਰਾ ਮੂੰਹ ਖੋਲ੍ਹਾਂਗਾ ਅਤੇ ਤੂੰ ਉਹਨਾਂ ਨੂੰ ਆਖੇਗਾ, ‘ਕਿ ਯਾਹਵੇਹ ਦਾ ਪਰਮੇਸ਼ਵਰ ਇਸ ਤਰ੍ਹਾਂ ਆਖਦਾ ਹੈ।’ ਕਿ ਜੋ ਸੁਣਦਾ ਹੈ ਸੁਣੇ ਅਤੇ ਜਿਹੜਾ ਨਹੀਂ ਸੁਣਨਾ ਚਾਹੁੰਦਾ ਉਹ ਨਾ ਸੁਣੇ, ਕਿਉਂ ਜੋ ਉਹ ਵਿਦਰੋਹੀ ਘਰਾਣੇ ਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.