19ਪਰ ਜੇ ਤੂੰ ਦੁਸ਼ਟ ਵਿਅਕਤੀ ਨੂੰ ਚੇਤਾਵਨੀ ਦੇਵੇਂ ਅਤੇ ਉਹ ਆਪਣੀ ਬੁਰਾਈ ਅਤੇ ਬੁਰੇ ਕੰਮਾਂ ਤੋਂ ਨਾ ਮੁੜੇ, ਤਾਂ ਉਹ ਆਪਣੇ ਪਾਪ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਨੂੰ ਬਚਾ ਲਵੇਂਗਾ।
20“ਜੇਕਰ ਕੋਈ ਧਰਮੀ ਆਪਣੇ ਧਰਮ ਤੋਂ ਮੁੜ ਕੇ ਬਦੀ ਕਰੇ ਅਤੇ ਮੈਂ ਉਹ ਦੇ ਅੱਗੇ ਠੋਕਰ ਲਾਉਣ ਵਾਲਾ ਪੱਥਰ ਰੱਖਾਂ ਤਾਂ ਉਹ ਮਰ ਜਾਵੇਗਾ, ਕਿਉਂਕਿ ਤੂੰ ਉਸ ਨੂੰ ਚੇਤਾਵਨੀ ਨਹੀਂ ਦਿੱਤੀ। ਉਹ ਆਪਣੇ ਪਾਪ ਵਿੱਚ ਮਰੇਗਾ ਅਤੇ ਉਹ ਦੇ ਧਰਮ ਦੇ ਕੰਮ ਜਿਹੜੇ ਉਸ ਨੇ ਕੀਤੇ ਚੇਤੇ ਨਾ ਕੀਤੇ ਜਾਣਗੇ, ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ।
21ਪਰ ਜੇ ਤੂੰ ਉਸ ਧਰਮੀ ਨੂੰ ਚੇਤਾਵਨੀ ਦੇਵੇ ਤਾਂ ਕਿ ਉਹ ਧਰਮੀ ਪਾਪ ਨਾ ਕਰੇ ਅਤੇ ਉਹ ਪਾਪਾਂ ਤੋਂ ਬਚਿਆ ਰਹੇ, ਤਾਂ ਉਹ ਪੱਕਾ ਹੀ ਜੀਵੇਗਾ, ਇਸ ਲਈ ਕਿ ਉਹ ਨੇ ਚੇਤਾਵਨੀ ਮੰਨੀ ਅਤੇ ਤੂੰ ਆਪਣੀ ਜਾਨ ਬਚਾ ਲਵੇਂਗਾ।”
22ਉੱਥੇ ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸਨੇ ਮੈਨੂੰ ਕਿਹਾ, “ਉੱਠ ਅਤੇ ਮੈਦਾਨ ਵਿੱਚ ਜਾ, ਅਤੇ ਉੱਥੇ ਮੈਂ ਤੇਰੇ ਨਾਲ ਗੱਲ ਕਰਾਂਗਾ।”
23ਤਦ ਮੈਂ ਉੱਠ ਕੇ ਮੈਦਾਨ ਨੂੰ ਗਿਆ। ਤਾਂ ਵੇਖੋ, ਯਾਹਵੇਹ ਦਾ ਪਰਤਾਪ ਉਸ ਪਰਤਾਪ ਵਾਂਗੂੰ ਜੋ ਮੈਂ ਕੇਬਰ ਨਹਿਰ ਦੇ ਉੱਤੇ ਵੇਖਿਆ ਸੀ, ਖੜ੍ਹਾ ਸੀ ਅਤੇ ਮੈਂ ਮੂਧੇ ਮੂੰਹ ਡਿੱਗ ਪਿਆ।