23ਨਾਲੇ ਮੈਂ ਉਜਾੜ ਵਿੱਚ ਉਹਨਾਂ ਨੂੰ ਹੱਥ ਚੁੱਕ ਕੇ ਸਹੁੰ ਖਾਧੀ ਕਿ ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ,
24ਕਿਉਂ ਜੋ ਉਹਨਾਂ ਨੇ ਮੇਰੀਆਂ ਬਿਧੀਆਂ ਨੂੰ ਨਹੀਂ ਮੰਨਿਆ ਪਰ ਮੇਰੇ ਹੁਕਮਾਂ ਨੂੰ ਰੱਦ ਕੀਤਾ ਅਤੇ ਮੇਰੇ ਸਬਤਾਂ ਨੂੰ ਪਲੀਤ ਕੀਤਾ, ਅਤੇ ਉਹਨਾਂ ਦੀਆਂ ਅੱਖਾਂ ਆਪਣੇ ਮਾਪਿਆਂ ਦੀਆਂ ਮੂਰਤੀਆਂ ਦੇ ਪਿੱਛੇ ਲੱਗੀਆਂ ਹੋਈਆਂ ਸਨ।
25ਇਸ ਲਈ ਮੈਂ ਉਹਨਾਂ ਨੂੰ ਹੋਰ ਬਿਧੀਆਂ ਦਿੱਤੀਆਂ ਜਿਹੜੀਆਂ ਚੰਗੀਆਂ ਨਹੀਂ ਸਨ ਅਤੇ ਉਹ ਨਿਯਮ ਜਿਨ੍ਹਾਂ ਦੇ ਦੁਆਰਾ ਉਹ ਜਿਉਂਦੇ ਨਹੀਂ ਰਹਿ ਸਕਦੇ ਸਨ।
26ਮੈਂ ਉਹਨਾਂ ਨੂੰ ਉਹਨਾਂ ਦੇ ਹੀ ਤੋਹਫ਼ਿਆਂ ਵਿੱਚ ਅਰਥਾਤ ਉਹਨਾਂ ਦੇ ਸਾਰੇ ਕੁੱਖ ਦੇ ਖੋਲ੍ਹਣ ਵਾਲਿਆਂ ਨੂੰ ਅੱਗ ਵਿੱਚੋਂ ਦੀ ਲੰਘਾਉਣ ਦੇ ਕਾਰਨ ਭਰਿਸ਼ਟ ਕੀਤਾ, ਤਾਂ ਜੋ ਮੈਂ ਉਹਨਾਂ ਨੂੰ ਡਰਾਵਾਂ ਭਈ ਉਹ ਜਾਣਨ ਕਿ ਯਾਹਵੇਹ ਮੈਂ ਹਾਂ।’
27“ਇਸ ਲਈ, ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸ ਵਿੱਚ ਵੀ ਤੁਹਾਡੇ ਪੁਰਖਿਆਂ ਨੇ ਮੇਰੇ ਨਾਲ ਬੇਵਫ਼ਾਈ ਕਰਕੇ ਮੇਰੀ ਨਿੰਦਿਆ ਕੀਤੀ: