1“ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਤੇਜ਼ ਤਲਵਾਰ ਲੈ ਅਤੇ ਵਾਲ ਕੱਟਣ ਦੇ ਉਸਤਰੇ ਵਾਂਗੂੰ ਉਹ ਨੂੰ ਲੈ ਕੇ ਉਹ ਦੇ ਨਾਲ ਆਪਣਾ ਸਿਰ ਤੇ ਦਾੜ੍ਹੀ ਮੁਨਾ ਅਤੇ ਤੱਕੜੀ ਲੈ ਕੇ ਵਾਲਾਂ ਨੂੰ ਤੋਲ ਕੇ ਉਹਨਾਂ ਦੇ ਹਿੱਸੇ ਬਣਾ।
2ਜਦੋਂ ਤੁਹਾਡੇ ਘੇਰਾਬੰਦੀ ਦੇ ਦਿਨ ਖ਼ਤਮ ਹੋ ਜਾਣ, ਤਾਂ ਉਹਨਾਂ ਦਾ ਤੀਜਾ ਹਿੱਸਾ ਲੈ ਕੇ ਸ਼ਹਿਰ ਦੇ ਵਿਚਕਾਰ ਅੱਗ ਵਿੱਚ ਸਾੜ। ਫਿਰ ਦੂਜੀ ਵਾਰ ਤੀਜਾ ਹਿੱਸਾ ਲੈ ਕੇ ਤਲਵਾਰ ਦੇ ਨਾਲ ਉਹਨਾਂ ਨੂੰ ਸ਼ਹਿਰ ਦੇ ਇਧਰ-ਉਧਰ ਮਾਰ ਅਤੇ ਰਹਿੰਦਾ ਤੀਜਾ ਹਿੱਸਾ ਹਵਾ ਵਿੱਚ ਖਿਲਾਰ ਦੇ ਅਤੇ ਮੈਂ ਉਹਨਾਂ ਦੇ ਪਿੱਛੇ ਤਲਵਾਰ ਖਿੱਚ ਲਵਾਂਗਾ।
3ਪਰ ਕੁਝ ਵਾਲ ਲੈ ਕੇ ਉਹਨਾਂ ਨੂੰ ਆਪਣੇ ਕੱਪੜੇ ਦੇ ਪੱਲੇ ਵਿੱਚ ਬੰਨ੍ਹ।
4ਫਿਰ ਇਹਨਾਂ ਵਿੱਚੋਂ ਥੋੜੇ ਜਿਹੇ ਲੈ ਕੇ ਅੱਗ ਵਿੱਚ ਸੁੱਟ ਕੇ ਸਾੜ ਦੇ ਅਤੇ ਫਿਰ ਉੱਥੋਂ ਅੱਗ ਸਾਰੇ ਇਸਰਾਏਲ ਵਿੱਚ ਫੈਲ ਜਾਵੇਗੀ।
5“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਇਹ ਯੇਰੂਸ਼ਲੇਮ ਹੈ, ਜਿਸ ਨੂੰ ਮੈਂ ਕੌਮਾਂ ਦੇ ਵਿਚਕਾਰ ਸਥਾਪਿਤ ਕੀਤਾ, ਉਸ ਦੇ ਆਲੇ-ਦੁਆਲੇ ਦੇ ਦੇਸ਼ ਹਨ।