11ਜਿਹੜੇ ਮਨੁੱਖ ਬੂਹੇ ਦੇ ਅੱਗੇ ਸਨ ਉਹਨਾਂ ਨੇ ਉਹਨਾਂ ਨੂੰ ਕੀ ਛੋਟੇ ਕੀ ਵੱਡੇ ਸਭ ਨੂੰ ਅੰਨ੍ਹੇ ਕਰ ਦਿੱਤਾ ਇੱਥੋਂ ਤੱਕ ਕਿ ਉਹ ਦਰਵਾਜ਼ਾ ਲੱਭਦੇ-ਲੱਭਦੇ ਥੱਕ ਗਏ।
12ਉਹਨਾਂ ਦੋਹਾਂ ਮਨੁੱਖਾਂ ਨੇ ਲੂਤ ਨੂੰ ਆਖਿਆ, “ਕੀ ਇੱਥੇ ਤੇਰਾ ਕੋਈ ਹੋਰ ਹੈ, ਜਵਾਈ, ਪੁੱਤਰ, ਧੀਆਂ, ਜਾਂ ਸ਼ਹਿਰ ਵਿੱਚ ਕੋਈ ਹੋਰ ਜੋ ਤੇਰਾ ਹੈ? ਉਹਨਾਂ ਨੂੰ ਇਸ ਸ਼ਹਿਰ ਤੋਂ ਲੈ ਕੇ ਬਾਹਰ ਨਿੱਕਲ ਜਾ।
13ਕਿਉਂਕਿ ਅਸੀਂ ਇਸ ਥਾਂ ਨੂੰ ਤਬਾਹ ਕਰਨ ਵਾਲੇ ਹਾਂ। ਕਿਉਂ ਜੋ ਉਹਨਾਂ ਲੋਕਾਂ ਦੀ ਬੁਰਾਈ ਯਾਹਵੇਹ ਦੇ ਅੱਗੇ ਬਹੁਤ ਵੱਧ ਗਈ ਹੈ, ਅਤੇ ਯਾਹਵੇਹ ਨੇ ਸਾਨੂੰ ਇਸਨੂੰ ਤਬਾਹ ਕਰਨ ਲਈ ਭੇਜਿਆ ਹੈ।”
14ਤਾਂ ਲੂਤ ਨੇ ਬਾਹਰ ਜਾ ਕੇ ਆਪਣੇ ਜਵਾਈਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਉਸ ਦੀਆਂ ਧੀਆਂ ਨਾਲ ਵਿਆਹ ਕਰਨ ਦਾ ਇਕਰਾਰ ਕੀਤਾ ਹੋਇਆ ਸੀ। ਉਸ ਨੇ ਕਿਹਾ, “ਜਲਦੀ ਕਰੋ ਅਤੇ ਇਸ ਥਾਂ ਤੋਂ ਬਾਹਰ ਚਲੇ ਜਾਓ ਕਿਉਂਕਿ ਯਾਹਵੇਹ ਸ਼ਹਿਰ ਨੂੰ ਤਬਾਹ ਕਰਨ ਵਾਲਾ ਹੈ!” ਪਰ ਉਸ ਦੇ ਜਵਾਈਆਂ ਨੇ ਸੋਚਿਆ ਕਿ ਉਹ ਮਜ਼ਾਕ ਕਰ ਰਿਹਾ ਹੈ।
15ਜਦ ਸਵੇਰ ਹੋਈ ਤਾਂ ਦੂਤਾਂ ਨੇ ਲੂਤ ਨੂੰ ਬੇਨਤੀ ਕੀਤੀ, “ਜਲਦੀ ਕਰ! ਆਪਣੀ ਪਤਨੀ ਅਤੇ ਆਪਣੀਆਂ ਦੋ ਧੀਆਂ ਨੂੰ ਲੈ ਜਾ ਜੋ ਇੱਥੇ ਹਨ, ਅਜਿਹਾ ਨਾ ਹੋਵੇ ਕੀ ਤੂੰ ਵੀ ਇਸ ਨਗਰ ਦੇ ਅਪਰਾਧਾਂ ਵਿੱਚ ਭਸਮ ਹੋ ਜਾਵੇ।”