3ਯਾਕੋਬ ਨੇ ਅਦੋਮ ਦੇ ਦੇਸ਼ ਸੇਈਰ ਵਿੱਚ ਆਪਣੇ ਭਰਾ ਏਸਾਓ ਕੋਲ ਆਪਣੇ ਅੱਗੇ ਸੰਦੇਸ਼ਵਾਹਕਾਂ ਨੂੰ ਭੇਜਿਆ।
4ਉਸ ਨੇ ਉਹਨਾਂ ਨੂੰ ਹੁਕਮ ਦਿੱਤਾ, “ਤੁਸੀਂ ਮੇਰੇ ਸੁਆਮੀ ਏਸਾਓ ਨੂੰ ਇਹ ਆਖਣਾ ਹੈ, ‘ਤੇਰਾ ਦਾਸ ਯਾਕੋਬ ਆਖਦਾ ਹੈ, ਮੈਂ ਲਾਬਾਨ ਦੇ ਕੋਲ ਠਹਿਰਿਆ ਅਤੇ ਹੁਣ ਤੱਕ ਉੱਥੇ ਹੀ ਰਿਹਾ ਹਾਂ।
5ਮੇਰੇ ਕੋਲ ਡੰਗਰ ਅਤੇ ਗਧੇ, ਭੇਡਾਂ ਅਤੇ ਬੱਕਰੀਆਂ, ਦਾਸ ਅਤੇ ਦਾਸੀਆਂ ਹਨ। ਹੁਣ ਮੈਂ ਇਹ ਸੰਦੇਸ਼ ਆਪਣੇ ਸੁਆਮੀ ਨੂੰ ਭੇਜ ਰਿਹਾ ਹਾਂ, ਤਾਂ ਜੋ ਮੈਂ ਤੇਰੀ ਨਿਗਾਹ ਵਿੱਚ ਮਿਹਰ ਪਾ ਸਕਾਂ।’ ”
6ਜਦੋਂ ਸੰਦੇਸ਼ਵਾਹਕਾਂ ਨੇ ਯਾਕੋਬ ਨੂੰ ਮੁੜ ਆ ਕੇ ਆਖਿਆ, “ਅਸੀਂ ਤੇਰੇ ਭਰਾ ਏਸਾਓ ਕੋਲ ਗਏ ਸੀ ਅਤੇ ਹੁਣ ਉਹ ਤੈਨੂੰ ਮਿਲਣ ਲਈ ਆ ਰਿਹਾ ਹੈ ਅਤੇ ਚਾਰ ਸੌ ਮਨੁੱਖ ਉਹ ਦੇ ਨਾਲ ਹਨ।”
7ਤਦ ਯਾਕੋਬ ਬਹੁਤ ਡਰ ਅਤੇ ਬਿਪਤਾ ਨਾਲ ਘਬਰਾਇਆ, ਉਪਰੰਤ ਉਸਨੇ ਆਪਣੇ ਨਾਲ ਦੇ ਲੋਕਾਂ, ਇੱਜੜਾਂ, ਝੁੰਡਾਂ ਅਤੇ ਊਠਾਂ ਨੂੰ ਦੋ ਸਮੂਹਾਂ ਵਿੱਚ ਵੰਡ ਦਿੱਤਾ।