12ਯੋਸੇਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਸਾਰੇ ਘਰਾਣਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਭੋਜਨ ਦਿੱਤਾ।
13ਪਰ ਸਾਰੇ ਇਲਾਕੇ ਵਿੱਚ ਕੋਈ ਭੋਜਨ ਨਹੀਂ ਸੀ ਕਿਉਂਕਿ ਕਾਲ ਬਹੁਤ ਭਿਆਨਕ ਸੀ। ਕਾਲ ਦੇ ਕਾਰਨ ਮਿਸਰ ਅਤੇ ਕਨਾਨ ਦੋਵੇਂ ਬਰਬਾਦ ਹੋ ਗਏ।
14ਯੋਸੇਫ਼ ਨੇ ਉਹ ਸਾਰਾ ਧਨ ਜੋ ਮਿਸਰ ਅਤੇ ਕਨਾਨ ਵਿੱਚ ਉਹਨਾਂ ਦੇ ਖਰੀਦੇ ਹੋਏ ਅਨਾਜ ਦੇ ਬਦਲੇ ਮਿਲਣਾ ਸੀ ਇਕੱਠਾ ਕਰ ਲਿਆ ਅਤੇ ਉਹ ਫ਼ਿਰਾਊਨ ਦੇ ਮਹਿਲ ਵਿੱਚ ਲੈ ਆਇਆ।
15ਜਦੋਂ ਮਿਸਰ ਅਤੇ ਕਨਾਨ ਦੇ ਲੋਕਾਂ ਦਾ ਪੈਸਾ ਖਤਮ ਹੋ ਗਿਆ ਤਾਂ ਸਾਰਾ ਮਿਸਰ ਯੋਸੇਫ਼ ਕੋਲ ਆਇਆ ਅਤੇ ਆਖਿਆ, “ਸਾਨੂੰ ਭੋਜਨ ਦੇਹ। ਅਸੀਂ ਤੁਹਾਡੀਆਂ ਅੱਖਾਂ ਅੱਗੇ ਕਿਉਂ ਮਰੀਏ? ਸਾਡਾ ਸਾਰਾ ਪੈਸਾ ਖਤਮ ਹੋ ਗਿਆ ਹੈ।”
16ਯੋਸੇਫ਼ ਨੇ ਆਖਿਆ, “ਫਿਰ ਆਪਣੇ ਪਸ਼ੂ ਲਿਆਓ ਅਤੇ ਮੈਂ ਤੁਹਾਨੂੰ ਤੁਹਾਡੇ ਪਸ਼ੂਆਂ ਦੇ ਬਦਲੇ ਭੋਜਨ ਵੇਚ ਦਿਆਂਗਾ, ਕਿਉਂਕਿ ਤੁਹਾਡਾ ਪੈਸਾ ਖਤਮ ਹੋ ਗਿਆ ਹੈ।”