1ਆਮੋਸ ਦੇ ਪੁੱਤਰ ਯਸ਼ਾਯਾਹ ਦਾ ਬਚਨ ਜਿਹੜਾ ਉਸ ਨੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਵਿਖੇ ਦਰਸ਼ਨ ਵਿੱਚ ਵੇਖਿਆ:
2ਅੰਤ ਦੇ ਦਿਨਾਂ ਵਿੱਚ ਅਜਿਹਾ ਹੋਵੇਗਾ ਯਾਹਵੇਹ ਦੇ ਭਵਨ ਦਾ ਪਰਬਤ ਸਾਰਿਆਂ ਪਹਾੜਾਂ ਵਿੱਚੋਂ ਸਭ ਤੋਂ ਉੱਚਾ ਹੋਵੇਗਾ, ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਾਰੀਆਂ ਕੌਮਾਂ ਵਗਦੀ ਨਦੀ ਵਾਂਗ ਉਸ ਦੇ ਵੱਲ ਵਗਣਗੀਆਂ।
3ਬਹੁਤ ਸਾਰੇ ਲੋਕ ਆਉਣਗੇ ਅਤੇ ਆਖਣਗੇ, “ਆਓ, ਅਸੀਂ ਯਾਹਵੇਹ ਦੇ ਪਰਬਤ ਉੱਤੇ ਚੜ੍ਹੀਏ, ਯਾਹਵੇਹ ਯਾਕੋਬ ਦੇ ਪਰਮੇਸ਼ਵਰ ਦੇ ਭਵਨ ਵੱਲ ਜਾਈਏ। ਤਾਂ ਜੋ ਉਹ ਸਾਨੂੰ ਆਪਣੇ ਰਾਹ ਸਿਖਾਵੇ, ਅਤੇ ਅਸੀਂ ਉਸ ਦੇ ਰਾਹਾਂ ਵਿੱਚ ਚੱਲੀਏ।” ਕਿਉਂ ਜੋ ਬਿਵਸਥਾ ਸੀਯੋਨ ਤੋਂ, ਅਤੇ ਯਾਹਵੇਹ ਦਾ ਬਚਨ ਯੇਰੂਸ਼ਲੇਮ ਤੋਂ ਨਿੱਕਲੇਗਾ।