25ਵੱਡੇ ਕਤਲੇਆਮ ਦੇ ਦਿਨ, ਜਦੋਂ ਬੁਰਜ ਡਿੱਗਣਗੇ, ਹਰ ਉੱਚੇ ਪਹਾੜ ਅਤੇ ਹਰ ਉੱਚੀ ਪਹਾੜੀ ਉੱਤੇ ਪਾਣੀ ਦੀਆਂ ਨਦੀਆਂ ਵਗਣਗੀਆਂ।
26ਚੰਦ ਸੂਰਜ ਵਾਂਙੁ ਚਮਕੇਗਾ, ਅਤੇ ਸੂਰਜ ਦੀ ਰੋਸ਼ਨੀ ਸੱਤ ਗੁਣਾ ਵੱਧ ਚਮਕਦਾਰ ਹੋਵੇਗੀ, ਅਰਥਾਤ ਸੱਤਾਂ ਦਿਨਾਂ ਦੇ ਚਾਨਣ ਦੇ ਬਰਾਬਰ ਹੋਵੇਗਾ, ਜਦੋਂ ਯਾਹਵੇਹ ਆਪਣੇ ਲੋਕਾਂ ਦੇ ਜ਼ਖਮਾਂ ਨੂੰ ਭਰ ਦੇਵੇਗਾ ਅਤੇ ਜ਼ਖਮਾਂ ਨੂੰ ਚੰਗਾ ਕਰੇਗਾ।
27ਵੇਖੋ, ਯਾਹਵੇਹ ਦਾ ਨਾਮ ਦੂਰੋਂ ਆਉਂਦਾ ਹੈ, ਕ੍ਰੋਧ ਨਾਲ ਭੱਖਿਆ ਹੋਇਆ ਅਤੇ ਗੂੜ੍ਹੇ ਉੱਠਦੇ ਧੂੰਏਂ ਨਾਲ। ਉਹ ਦੇ ਬੁੱਲ੍ਹ ਕਹਿਰ ਨਾਲ ਭਰੇ ਹੋਏ ਹਨ, ਅਤੇ ਉਹ ਦੀ ਜੀਭ ਭਸਮ ਕਰਨ ਵਾਲੀ ਅੱਗ ਵਾਂਗੂੰ ਹੈ।
28ਉਹ ਦਾ ਸਾਹ ਇੱਕ ਤੇਜ਼ ਵਗਦੇ ਪਾਣੀ ਵਾਂਗ ਹੈ, ਜਿਹੜਾ ਗਲ਼ ਤੱਕ ਪਹੁੰਚਦਾ ਹੈ। ਉਹ ਕੌਮਾਂ ਨੂੰ ਤਬਾਹੀ ਦੀ ਛਲਣੀ ਵਿੱਚ ਹਿਲਾ ਦਿੰਦਾ ਹੈ; ਤਾਂ ਜੋ ਉਹ ਕੌਮਾਂ ਨੂੰ ਤਬਾਹੀ ਦੇ ਛੱਜ ਨਾਲ ਛੱਟੇ, ਅਤੇ ਭਟਕਾਉਣ ਵਾਲੀ ਲਗਾਮ ਕੌਮਾਂ ਦਿਆਂ ਜਬਾੜਿਆਂ ਵਿੱਚ ਪਾਵੇਗਾ।
29ਅਤੇ ਤੁਸੀਂ ਉਸ ਰਾਤ ਨੂੰ ਗਾਓਗੇ ਜਿਵੇਂ ਤੁਸੀਂ ਪਵਿੱਤਰ ਤਿਉਹਾਰ ਮਨਾਉਂਦੇ ਹੋ। ਤੁਹਾਡੇ ਦਿਲ ਖੁਸ਼ ਹੋਣਗੇ ਜਿਵੇਂ ਕੋਈ ਬੰਸਰੀ ਵਜਾਉਂਦੇ ਹੋਏ ਯਾਹਵੇਹ ਦੇ ਪਹਾੜ ਉੱਤੇ, ਇਸਰਾਏਲ ਦੀ ਚੱਟਾਨ ਵੱਲ ਜਾਂਦੇ ਹਨ।