1ਜਦੋਂ ਰਾਜਾ ਹਿਜ਼ਕੀਯਾਹ ਨੇ ਇਹ ਸੁਣਿਆ, ਉਸਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਆਲੇ-ਦੁਆਲੇ ਤੱਪੜ ਲਪੇਟ ਲਿਆ ਅਤੇ ਯਾਹਵੇਹ ਦੇ ਭਵਨ ਵਿੱਚ ਗਿਆ।
2ਉਸ ਨੇ ਮਹਿਲ ਦੇ ਪ੍ਰਬੰਧਕ ਅਲਯਾਕੀਮ ਨੂੰ, ਸ਼ਬਨਾ ਸਕੱਤਰ ਨੂੰ ਅਤੇ ਪ੍ਰਧਾਨ ਜਾਜਕਾਂ ਨੂੰ, ਜੋ ਤੱਪੜ ਪਹਿਨੇ ਹੋਏ ਸਨ, ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਕੋਲ ਭੇਜਿਆ।
3ਉਨ੍ਹਾਂ ਨੇ ਉਸਨੂੰ ਕਿਹਾ, ਹਿਜ਼ਕੀਯਾਹ ਇਹ ਆਖਦਾ ਹੈ, “ਇਹ ਦਿਨ ਦੁੱਖ, ਝਿੜਕ, ਅਤੇ ਸ਼ਰਮਿੰਦਗੀ ਦਾ ਦਿਨ ਹੈ ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ਕਤੀ ਨਹੀਂ ਰਹੀ।
4ਹੋ ਸਕਦਾ ਹੈ ਕਿ ਯਾਹਵੇਹ ਤੇਰਾ ਪਰਮੇਸ਼ਵਰ ਮੈਦਾਨ ਦੇ ਸੈਨਾਪਤੀ ਦੀਆਂ ਗੱਲਾਂ ਸੁਣ ਲਵੇ, ਜਿਸ ਨੂੰ ਉਸ ਦੇ ਮਾਲਕ ਅੱਸ਼ੂਰ ਦੇ ਰਾਜੇ ਨੇ ਜਿਉਂਦੇ ਪਰਮੇਸ਼ਵਰ ਦਾ ਮਜ਼ਾਕ ਉਡਾਉਣ ਲਈ ਭੇਜਿਆ ਹੈ ਅਤੇ ਉਹ ਉਸ ਨੂੰ ਇਨ੍ਹਾਂ ਸ਼ਬਦਾਂ ਲਈ ਝਿੜਕੇਗਾ। ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਸੁਣੀਆਂ ਹਨ। ਇਸ ਲਈ ਬਚੇ ਹੋਏ ਲੋਕਾਂ ਲਈ ਪ੍ਰਾਰਥਨਾ ਕਰੋ ਜੋ ਅਜੇ ਵੀ ਬਚੇ ਹਨ।”