7ਮੈਂ ਚਾਨਣ ਬਣਾਉਂਦਾ ਹਾਂ ਅਤੇ ਹਨੇਰਾ ਪੈਦਾ ਕਰਦਾ ਹਾਂ, ਮੈਂ ਖੁਸ਼ਹਾਲੀ ਲਿਆਉਂਦਾ ਹਾਂ ਅਤੇ ਤਬਾਹੀ ਪੈਦਾ ਕਰਦਾ ਹਾਂ। ਮੈਂ, ਯਾਹਵੇਹ, ਇਹ ਸਭ ਕੁਝ ਕਰਦਾ ਹਾਂ।
8ਹੇ ਅਕਾਸ਼ੋਂ, ਉੱਪਰੋਂ ਮੇਰੀ ਧਾਰਮਿਕਤਾ ਵਰ੍ਹਾਓ; ਬੱਦਲਾਂ ਨੂੰ ਇਸ ਨੂੰ ਹੇਠਾਂ ਵਰ੍ਹਾਉਣ ਦਿਓ। ਧਰਤੀ ਨੂੰ ਖੁੱਲ੍ਹੇ, ਮੁਕਤੀ ਨੂੰ ਉਗਣ ਦਿਓ, ਜਿਸ ਨਾਲ ਧਾਰਮਿਕਤਾ ਵਧੇ, ਮੈਂ, ਯਾਹਵੇਹ ਨੇ ਇਸਨੂੰ ਬਣਾਇਆ ਹੈ।
9“ਹਾਏ ਉਹ ਦੇ ਉੱਤੇ ਜੋ ਆਪਣੇ ਸਿਰਜਣਹਾਰ ਨਾਲ ਝਗੜਦਾ ਹੈ, ਉਹ ਮਿੱਟੀ ਦੇ ਠੀਕਰਿਆਂ ਵਿੱਚੋਂ ਇੱਕ ਠੀਕਰਾ ਹੈ! ਭਲਾ, ਮਿੱਟੀ ਆਪਣੇ ਸਿਰਜਣਹਾਰ ਨੂੰ ਆਖੇ, ‘ਤੂੰ ਕੀ ਬਣਾਉਂਦਾ ਹੈ?’ ਜਾਂ ਕਾਰੀਗਰ ਦੀ ਕਿਰਤ ਇਹ ਆਖੇ ‘ਕਿ ਉਹ ਦੇ ਤਾਂ ਹੱਥ ਹੈ ਹੀ ਨਹੀਂ’?
10ਹਾਏ ਉਸ ਦੇ ਲਈ ਜਿਹੜਾ ਪਿਤਾ ਨੂੰ ਆਖਦਾ ਹੈ, ‘ਤੂੰ ਕਿਸਨੂੰ ਜਨਮ ਦਿੰਦਾ ਹੈ?’ ਜਾਂ ਕਿਸੇ ਮਾਤਾ ਨੂੰ, ‘ਤੈਨੂੰ ਕਿਹੜੀਆਂ ਪੀੜਾਂ ਲੱਗੀਆਂ ਹਨ?’
11“ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ ਇਸਰਾਏਲ ਦਾ ਪਵਿੱਤਰ ਪੁਰਖ, ਅਤੇ ਉਸ ਦਾ ਸਿਰਜਣਹਾਰ ਹਾਂ: ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ? ਮੇਰੇ ਪੁੱਤਰਾਂ ਬਾਰੇ, ਮੇਰੇ ਹੱਥ ਦੇ ਕੰਮਾਂ ਬਾਰੇ, ਤੁਸੀਂ ਮੈਨੂੰ ਹੁਕਮ ਦਿਓਗੇ?