21ਤਦ ਤੂੰ ਆਪਣੇ ਮਨ ਵਿੱਚ ਆਖੇਗੀ, ‘ਕਿਸ ਨੇ ਇਹਨਾਂ ਨੂੰ ਮੇਰੇ ਲਈ ਜਣਿਆ? ਮੈਂ ਦੁਖੀ ਅਤੇ ਬਾਂਝ ਸੀ; ਮੈਂ ਕੱਢੀ ਹੋਈ ਅਤੇ ਛੱਡੀ ਹੋਈ ਸੀ। ਇਨ੍ਹਾਂ ਨੂੰ ਕਿਸ ਨੇ ਪਾਲਿਆ ਹੈ? ਮੈਂ ਬਿਲਕੁਲ ਇਕੱਲੀ ਰਹਿ ਗਈ ਸੀ, ਪਰ ਇਹ ਕਿੱਥੋਂ ਆਏ ਹਨ?’ ”
22ਪ੍ਰਭੂ ਯਾਹਵੇਹ ਇਹ ਆਖਦਾ ਹੈ: “ਵੇਖੋ, ਮੈਂ ਕੌਮਾਂ ਨੂੰ ਇਸ਼ਾਰਾ ਕਰਾਂਗਾ। ਮੈਂ ਆਪਣਾ ਝੰਡਾ ਲੋਕਾਂ ਲਈ ਉੱਚਾ ਕਰਾਂਗਾ; ਉਹ ਤੇਰੇ ਪੁੱਤਰਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਆਉਣਗੇ ਅਤੇ ਤੁਹਾਡੀਆਂ ਧੀਆਂ ਨੂੰ ਆਪਣੇ ਕਮਰ ਤੇ ਚੁੱਕ ਲੈਣਗੇ।
23ਰਾਜੇ ਤੇਰੇ ਪਾਲਣ ਵਾਲੇ, ਅਤੇ ਉਨ੍ਹਾਂ ਦੀਆਂ ਰਾਣੀਆਂ ਤੇਰੀਆਂ ਦਾਈਆਂ ਹੋਣਗੀਆਂ, ਉਹ ਮੂੰਹ ਭਾਰ ਡਿੱਗ ਕੇ ਤੈਨੂੰ ਮੱਥਾ ਟੇਕਣਗੇ, ਅਤੇ ਤੇਰੇ ਪੈਰਾਂ ਦੀ ਖ਼ਾਕ ਚੱਟਣਗੇ, ਤਾਂ ਤੂੰ ਜਾਣੇਗੀ ਕਿ ਮੈਂ ਯਾਹਵੇਹ ਹਾਂ, ਅਤੇ ਮੇਰੇ ਉੱਤੇ ਆਸ ਰੱਖਣ ਵਾਲੇ ਕਦੇ ਸ਼ਰਮਿੰਦੇ ਨਾ ਹੋਣਗੇ।”
24ਕੀ ਲੁੱਟ ਸੂਰਮੇ ਕੋਲੋਂ ਲਈ ਜਾਵੇਗੀ? ਜਾਂ ਦੁਸ਼ਟ ਦੇ ਹੱਥੋਂ ਕੈਦੀ ਛੁਡਾਏ ਜਾਣਗੇ?
25ਪਰ ਯਾਹਵੇਹ ਇਹ ਗੱਲਾਂ ਆਖਦਾ ਹੈ: “ਹਾਂ, ਯੋਧਿਆਂ ਤੋਂ ਗ਼ੁਲਾਮ ਲਏ ਜਾਣਗੇ, ਅਤੇ ਜ਼ਾਲਮਾ ਦੀ ਲੁੱਟ ਉਹਨਾਂ ਦੇ ਹੱਥੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨਾਲ ਲੜਾਂਗਾ ਜੋ ਤੇਰੇ ਨਾਲ ਝਗੜਾ ਕਰਦੇ ਹਨ। ਅਤੇ ਤੇਰੇ ਬੱਚਿਆਂ ਨੂੰ ਮੈਂ ਬਚਾਵਾਂਗਾ।