5ਤਦ ਮੈਂ ਆਖਿਆ, “ਹਾਏ ਮੇਰੇ ਉੱਤੇ! ਮੈਂ ਬਰਬਾਦ ਹੋ ਗਿਆ ਹਾਂ! ਕਿਉਂਕਿ ਮੈਂ ਅਸ਼ੁੱਧ ਬੁੱਲ੍ਹਾਂ ਵਾਲਾ ਆਦਮੀ ਹਾਂ, ਮੈਂ ਅਸ਼ੁੱਧ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ, ਕਿਉਂ ਜੋ ਮੇਰੀਆਂ ਅੱਖਾਂ ਨੇ ਸਰਬਸ਼ਕਤੀਮਾਨ ਯਾਹਵੇਹ ਮਹਾਰਾਜਾ ਨੂੰ ਵੇਖਿਆ ਹੈ।”
6ਤਦ ਸਰਾਫ਼ੀਮ ਵਿੱਚੋਂ ਇੱਕ ਮੇਰੇ ਵੱਲ ਉੱਡ ਕੇ ਆਇਆ ਅਤੇ ਉਹ ਦੇ ਹੱਥ ਵਿੱਚ ਇੱਕ ਭੱਖਦਾ ਹੋਇਆ ਕੋਲਾ ਸੀ, ਜਿਹੜਾ ਉਸ ਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ।
7ਉਸ ਨੇ ਇਸ ਕੋਲੇ ਨਾਲ ਮੇਰੇ ਮੂੰਹ ਨੂੰ ਛੂਹਿਆ ਅਤੇ ਕਿਹਾ, “ਵੇਖ, ਤੇਰੇ ਬੁੱਲ੍ਹਾਂ ਤੋਂ ਬਦੀ ਦੂਰ ਹੋ ਗਈ ਹੈ ਅਤੇ ਤੇਰੇ ਪਾਪ ਮਾਫ਼ ਹੋ ਗਏ ਹਨ।”
8ਤਦ ਮੈਂ ਯਾਹਵੇਹ ਦੀ ਆਵਾਜ਼ ਇਹ ਆਖਦਿਆਂ ਸੁਣੀ, “ਮੈਂ ਕਿਸ ਨੂੰ ਭੇਜਾਂ? ਅਤੇ ਸਾਡੇ ਲਈ ਕੌਣ ਜਾਵੇਗਾ?” ਅਤੇ ਮੈਂ ਕਿਹਾ, “ਮੈਂ ਇੱਥੇ ਹਾਂ, ਮੈਨੂੰ ਭੇਜੋ!”
9ਉਸ ਨੇ ਆਖਿਆ, “ਜਾ ਅਤੇ ਇਨ੍ਹਾਂ ਲੋਕਾਂ ਨੂੰ ਆਖ: “ ‘ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ। ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ, ਪਰ ਬੁਝੋਗੇ ਨਹੀਂ।’