4“ਆਪਣੀਆਂ ਅੱਖਾਂ ਚੁੱਕੋ ਅਤੇ ਆਪਣੇ ਆਲੇ-ਦੁਆਲੇ ਵੇਖੋ: ਸਾਰੇ ਇਕੱਠੇ ਹੋ ਕੇ ਤੁਹਾਡੇ ਕੋਲ ਆਉਣ; ਤੁਹਾਡੇ ਪੁੱਤਰ ਦੂਰੋਂ ਆਉਂਦੇ ਹਨ, ਅਤੇ ਤੁਹਾਡੀਆਂ ਧੀਆਂ ਕੁੱਛੜ ਚੁੱਕੀਆਂ ਜਾਂਦੀਆਂ ਹਨ।
5ਤਦ ਤੁਸੀਂ ਵੇਖੋਂਗੇ ਅਤੇ ਚਮਕਦਾਰ ਹੋਵੋਗੇ, ਤੁਹਾਡਾ ਦਿਲ ਖੁਸ਼ੀ ਨਾਲ ਧੜਕੇਗਾ ਅਤੇ ਫੁੱਲ ਜਾਵੇਗਾ। ਸਮੁੰਦਰਾਂ ਦਾ ਧਨ ਤੁਹਾਡੇ ਕੋਲ ਲਿਆਇਆ ਜਾਵੇਗਾ, ਕੌਮਾਂ ਦਾ ਧਨ ਤੁਹਾਡੇ ਕੋਲ ਆਵੇਗਾ।
6ਊਠਾਂ ਦੇ ਝੁੰਡ ਤੇਰੀ ਧਰਤੀ ਨੂੰ ਢੱਕ ਲੈਣਗੇ, ਮਿਦਯਾਨ ਅਤੇ ਏਫਾਹ ਦੇ ਜਵਾਨ ਊਠ ਨਾਲੇ ਸਾਰੇ ਸ਼ਬਾ ਦੇਸ ਤੋਂ ਆਉਣਗੇ, ਸੋਨਾ ਅਤੇ ਧੂਪ ਲੈ ਕੇ ਅਤੇ ਯਾਹਵੇਹ ਦੀ ਉਸਤਤ ਦਾ ਪ੍ਰਚਾਰ ਕਰਨਗੇ।
7ਕੇਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ, ਨਬਾਯੋਥ ਦੇ ਭੇਡੂ ਤੇਰੀ ਸੇਵਾ ਕਰਨਗੇ। ਉਹ ਮੇਰੀ ਜਗਵੇਦੀ ਉੱਤੇ ਚੜ੍ਹਾਵੇ ਵਜੋਂ ਸਵੀਕਾਰ ਕੀਤੇ ਜਾਣਗੇ, ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਹੋਰ ਵੀ ਪਰਤਾਪੀ ਬਣਾਵਾਂਗਾ।
8“ਇਹ ਕੌਣ ਹਨ ਜਿਹੜੇ ਬੱਦਲਾਂ ਵਾਂਗੂੰ, ਕਬੂਤਰਾਂ ਵਾਂਗੂੰ ਆਪਣੇ ਆਲ੍ਹਣਿਆਂ ਵਿੱਚ ਉੱਡਦੇ ਹਨ?