11“ਪਰ ਤੁਸੀਂ ਜੋ ਯਾਹਵੇਹ ਨੂੰ ਤਿਆਗ ਦਿੰਦੇ ਹੋ, ਅਤੇ ਮੇਰੇ ਪਵਿੱਤਰ ਪਰਬਤਾਂ ਨੂੰ ਭੁੱਲ ਜਾਂਦੇ ਹੋ, ਜੋ ਕਿਸਮਤ ਦੀ ਦੇਵੀ ਲਈ ਮੇਜ਼ ਸੁਆਰਦੇ ਹੋ, ਅਤੇ ਭਾਗ ਦੀ ਦੇਵੀ ਲਈ ਰਲਵੀਂ ਦਾਖ਼ਰਸ ਭਰਦੇ ਹੋ।
12ਮੈਂ ਤਲਵਾਰ ਨੂੰ ਤੁਹਾਡਾ ਭਾਗ ਠਹਿਰਾਵਾਂਗਾ, ਅਤੇ ਤੁਸੀਂ ਸਾਰੇ ਵੱਢੇ ਜਾਵੋਂਗੇ। ਕਿਉਂ ਜੋ ਮੈਂ ਪੁਕਾਰਿਆ ਪਰ ਤੁਸੀਂ ਉੱਤਰ ਨਾ ਦਿੱਤਾ, ਮੈਂ ਬੋਲਿਆ ਪਰ ਤੁਸੀਂ ਨਾ ਸੁਣੀ। ਤੁਸੀਂ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ, ਅਤੇ ਉਸ ਨੂੰ ਚੁਣਿਆ ਜੋ ਮੈਨੂੰ ਪਸੰਦ ਨਹੀਂ ਸੀ।”
13ਇਸ ਲਈ ਪ੍ਰਭੂ ਯਾਹਵੇਹ ਇਹ ਆਖਦਾ ਹੈ: “ਮੇਰੇ ਸੇਵਕ ਖਾਣਗੇ, ਪਰ ਤੁਸੀਂ ਭੁੱਖੇ ਰਹੋਗੇ। ਮੇਰੇ ਸੇਵਕ ਪੀਣਗੇ, ਪਰ ਤੁਸੀਂ ਪਿਆਸੇ ਹੋਵੋਗੇ। ਮੇਰੇ ਸੇਵਕ ਅਨੰਦ ਕਰਨਗੇ, ਪਰ ਤੁਸੀਂ ਸ਼ਰਮਿੰਦਾ ਹੋਵੋਗੇ।
14ਮੇਰੇ ਸੇਵਕ ਆਪਣੇ ਦਿਲਾਂ ਦੀ ਖੁਸ਼ੀ ਵਿੱਚ ਗਾਉਣਗੇ, ਪਰ ਤੁਸੀਂ ਸੋਗ ਨਾਲ ਚਿੱਲਾਓਗੇ, ਅਤੇ ਦੁਖੀ ਆਤਮਾ ਨਾਲ ਚੀਕਾਂ ਮਾਰੋਗੇ।
15ਮੇਰੇ ਚੁਣੇ ਹੋਏ ਲੋਕ ਤੁਹਾਡਾ ਨਾਮ ਲੈ-ਲੈ ਕੇ ਸਰਾਪ ਦੇਣਗੇ, ਅਤੇ ਪ੍ਰਭੂ ਯਾਹਵੇਹ ਤੁਹਾਨੂੰ ਮਰਵਾ ਸੁੱਟੇਗਾ, ਪਰ ਉਹ ਆਪਣੇ ਦਾਸਾਂ ਨੂੰ ਦੂਸਰੇ ਨਾਮ ਤੋਂ ਬੁਲਾਵੇਗਾ।