9ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਯਾਹਵੇਹ ਦੇ ਘਰ ਵਿੱਚ ਆਉਣੀਆਂ ਬੰਦ ਹੋ ਗਈਆਂ ਹਨ। ਜਾਜਕ ਸੋਗ ਵਿੱਚ ਹਨ, ਉਹ ਜਿਹੜੇ ਯਾਹਵੇਹ ਦੇ ਅੱਗੇ ਸੇਵਾ ਕਰਦੇ ਹਨ।
10ਖੇਤ ਬਰਬਾਦ ਹੋ ਗਏ ਹਨ, ਜ਼ਮੀਨ ਸੁੱਕ ਗਈ ਹੈ; ਅਨਾਜ ਨਸ਼ਟ ਹੋ ਗਿਆ, ਨਵੀਂ ਮੈ ਸੁੱਕ ਗਈ, ਜ਼ੈਤੂਨ ਦਾ ਤੇਲ ਨਾਸ ਹੋ ਗਿਆ।
11ਹੇ ਕਿਸਾਨੋ, ਨਿਰਾਸ਼ ਹੋਵੋ, ਹੇ ਵੇਲਾਂ ਦੇ ਪੈਦਾ ਕਰਨ ਵਾਲਿਓ, ਰੋਵੋ; ਕਣਕ ਅਤੇ ਜੌਂ ਲਈ ਸੋਗ ਕਰੋ, ਕਿਉਂਕਿ ਖੇਤ ਦੀ ਫ਼ਸਲ ਤਬਾਹ ਹੋ ਗਈ ਹੈ।
12ਅੰਗੂਰੀ ਵੇਲ ਸੁੱਕ ਗਈ ਹੈ, ਅਤੇ ਹੰਜੀਰ ਦਾ ਰੁੱਖ ਸੁੱਕ ਗਿਆ ਹੈ। ਅਨਾਰ, ਖਜ਼ੂਰ ਅਤੇ ਸੇਬ ਦੇ ਰੁੱਖ, ਖੇਤ ਦੇ ਸਾਰੇ ਰੁੱਖ ਸੁੱਕ ਗਏ ਹਨ। ਨਿਸ਼ਚੇ ਹੀ ਲੋਕਾਂ ਦਾ ਅਨੰਦ ਮੁਰਝਾ ਗਿਆ ਹੈ।
13ਹੇ ਜਾਜਕੋ, ਤੱਪੜ ਪਾਓ ਅਤੇ ਸੋਗ ਕਰੋ। ਹੇ ਜਗਵੇਦੀ ਦੇ ਅੱਗੇ ਸੇਵਾ ਕਰਨ ਵਾਲੇ, ਰੋਵੋ। ਆ ਤੱਪੜ ਪਾ ਕੇ ਰਾਤ ਕੱਟੋ, ਹੇ ਮੇਰੇ ਪਰਮੇਸ਼ਵਰ ਦੀ ਸੇਵਾ ਕਰਨ ਵਾਲਿਓ। ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਤੁਹਾਡੇ ਪਰਮੇਸ਼ਵਰ ਦੇ ਘਰ ਤੋਂ ਰੋਕੀਆਂ ਗਈਆਂ ਹਨ।