1ਹੁਣ ਜਦੋਂ ਯਰਦਨ ਦੇ ਪੱਛਮ ਵੱਲ ਦੇ ਸਾਰੇ ਅਮੋਰੀ ਰਾਜਿਆਂ ਅਤੇ ਤੱਟ ਦੇ ਕੰਢੇ ਦੇ ਸਾਰੇ ਕਨਾਨੀ ਰਾਜਿਆਂ ਨੇ ਸੁਣਿਆ ਕਿ ਕਿਵੇਂ ਯਾਹਵੇਹ ਨੇ ਇਸਰਾਏਲੀਆਂ ਦੇ ਅੱਗੇ ਯਰਦਨ ਨਦੀ ਨੂੰ ਸੁਕਾ ਦਿੱਤਾ ਸੀ ਜਦੋਂ ਤੱਕ ਉਹ ਪਾਰ ਨਹੀਂ ਹੋ ਗਏ ਸਨ, ਤਾਂ ਉਨ੍ਹਾਂ ਦੇ ਦਿਲ ਡਰ ਨਾਲ ਪਿਘਲ ਗਏ ਅਤੇ ਉਹਨਾਂ ਵਿੱਚ ਇਸਰਾਏਲੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਰਹੀ।
2ਉਸ ਸਮੇਂ, ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਚਮਕਦਾਰ ਪੱਥਰ ਦੇ ਚਾਕੂ ਬਣਾ ਅਤੇ ਇਸਰਾਏਲੀਆਂ ਦੀ ਦੁਬਾਰਾ ਸੁੰਨਤ ਕਰ।”
3ਇਸ ਲਈ ਯੇਹੋਸ਼ੁਆ ਨੇ ਚਕਮਕ ਵਾਲੇ ਚਾਕੂ ਬਣਾਏ ਅਤੇ ਗਿਬਿਯਾਥ ਹਾਰਾਲੋਥ ਵਿੱਚ ਇਸਰਾਏਲੀਆਂ ਦੀ ਸੁੰਨਤ ਕੀਤੀ।
4ਯੇਹੋਸ਼ੁਆ ਦੁਆਰਾ ਉਨ੍ਹਾਂ ਦੀ ਸੁੰਨਤ ਕਰਨ ਦਾ ਕਾਰਨ ਇਹ ਸੀ ਕਿ ਉਹ ਸਾਰੇ ਜੋ ਮਿਸਰ ਤੋਂ ਆਏ ਸਨ, ਸਾਰੇ ਆਦਮੀ ਅਤੇ ਸਾਰੇ ਸੂਰਮੇ ਮਿਸਰ ਤੋਂ ਆਉਣ ਤੋਂ ਬਾਅਦ ਉਜਾੜ ਵਿੱਚ ਰਸਤੇ ਵਿੱਚ ਮਰ ਗਏ ਸਨ।
5ਜਿਹੜੇ ਲੋਕ ਬਾਹਰ ਆਏ ਸਨ ਉਨ੍ਹਾਂ ਦੀ ਸੁੰਨਤ ਹੋ ਚੁੱਕੀ ਸੀ, ਪਰ ਮਿਸਰ ਤੋਂ ਯਾਤਰਾ ਦੌਰਾਨ ਉਜਾੜ ਵਿੱਚ ਪੈਦਾ ਹੋਏ ਸਾਰੇ ਲੋਕਾਂ ਦੀ ਸੁੰਨਤ ਨਹੀਂ ਹੋਈ ਸੀ।