ਯੇਹੋਸ਼ੁਆ 20

1ਫਿਰ ਯਾਹਵੇਹ ਨੇ ਯੇਹੋਸ਼ੁਆ ਨੂੰ ਆਖਿਆ,

2“ਇਸਰਾਏਲ ਦੇ ਲੋਕਾਂ ਨੂੰ ਆਖ ਕਿ ਉਹ ਪਨਾਹ ਦੇ ਸ਼ਹਿਰਾਂ ਨੂੰ ਨਿਸ਼ਚਿਤ ਕਰਨ, ਜਿਵੇਂ ਮੈਂ ਤੁਹਾਨੂੰ ਮੋਸ਼ੇਹ ਰਾਹੀਂ ਕਿਹਾ ਸੀ।

3ਤਾਂ ਜੋ ਕੋਈ ਵੀ ਵਿਅਕਤੀ ਜੋ ਗਲਤੀ ਨਾਲ ਅਤੇ ਅਣਜਾਣੇ ਵਿੱਚ ਕਿਸੇ ਵਿਅਕਤੀ ਨੂੰ ਮਾਰਦਾ ਹੈ ਉਹ ਉੱਥੋਂ ਭੱਜ ਕੇ ਚਲਾ ਜਾਵੇ ਅਤੇ ਉਹ ਤੁਹਾਡੇ ਲਈ ਖੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ।

4ਜਦੋਂ ਉਹ ਇਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਭੱਜ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸ਼ਹਿਰ ਦੇ ਮੁੱਖ ਦਰਵਾਜ਼ੇ ਵਿੱਚ ਖਲੋਣਾ ਚਾਹੀਦਾ ਹੈ ਅਤੇ ਉਸ ਸ਼ਹਿਰ ਦੇ ਬਜ਼ੁਰਗਾਂ ਦੇ ਸਾਹਮਣੇ ਆਪਣਾ ਮਾਮਲਾ ਦੱਸਣਾ ਚਾਹੀਦਾ ਹੈ। ਫਿਰ ਬਜ਼ੁਰਗਾਂ ਨੂੰ ਭਗੌੜਿਆਂ ਨੂੰ ਆਪਣੇ ਸ਼ਹਿਰ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ ਅਤੇ ਉਹ ਉਸਨੂੰ ਸ਼ਹਿਰ ਵਿੱਚ ਆਪਣੇ ਕੋਲ ਲੈ ਜਾਣ ਅਤੇ ਉਹ ਉਹਨਾਂ ਦੇ ਵਿੱਚ ਵੱਸ ਜਾਵੇ।

5ਜੇ ਖੂਨ ਦਾ ਬਦਲਾ ਲੈਣ ਵਾਲਾ ਪਿੱਛਾ ਕਰਦਾ ਹੈ, ਤਾਂ ਉਹ ਖੂਨੀ ਨੂੰ ਉਸ ਦੇ ਹੱਥ ਵਿੱਚ ਨਾ ਦੇਣ ਕਿਉ ਜੋ ਉਸ ਆਪਣੇ ਗੁਆਂਢੀ ਨੂੰ ਗਲਤੀ ਨਾਲ ਮਾਰਿਆ ਸੀ ਅਤੇ ਉਹ ਪਹਿਲਾ ਤੋਂ ਉਸ ਦਾ ਵੈਰੀ ਨਹੀਂ ਸੀ।

6ਕਾਤਲ ਉਸ ਸ਼ਹਿਰ ਵਿੱਚ ਉਦੋਂ ਤੱਕ ਰਹਿ ਸਕਦਾ ਹੈ ਜਦੋਂ ਤੱਕ ਉਹ ਸਭਾ ਵਿੱਚ ਇਨਸਾਫ਼ ਲਈ ਖੜ੍ਹਾ ਨਹੀਂ ਹੁੰਦਾ, ਜਾਂ ਉਸ ਸਮੇਂ ਦੇ ਪ੍ਰਧਾਨ ਜਾਜਕ ਦੀ ਮੌਤ ਤੱਕ। ਉਸ ਤੋਂ ਬਾਅਦ ਹੀ ਉਹ ਕਾਤਲ ਆਪਣੇ ਘਰ ਜਾ ਸਕਦਾ ਹੈ।”

7ਇਸ ਦੇ ਲਈ, ਉਨ੍ਹਾਂ ਨੇ ਨਫ਼ਤਾਲੀ ਦੇ ਪਹਾੜੀ ਖੇਤਰ ਵਿੱਚ ਗਲੀਲ ਵਿੱਚ ਕਾਦੇਸ਼, ਇਫ਼ਰਾਈਮ ਦੇ ਪਹਾੜੀ ਖੇਤਰ ਵਿੱਚ ਸ਼ੇਕੇਮ ਅਤੇ ਯਹੂਦਿਯਾ ਦੇ ਪਹਾੜੀ ਖੇਤਰ ਵਿੱਚ ਕਿਰਯਥ ਅਰਬਾ ਅਰਥਾਤ ਹੇਬਰੋਨ ਨੂੰ ਪਨਾਹ ਦੇ ਸ਼ਹਿਰਾਂ ਵਜੋਂ ਨਿਯੁਕਤ ਕੀਤਾ।

8ਅਤੇ ਯਰਦਨ ਦੇ ਪਾਰ ਯਰੀਹੋ ਨੇ ਬੇਜ਼ਰ ਨੂੰ ਜਿਹੜਾ ਰਊਬੇਨ ਦੇ ਗੋਤ ਦੇ ਮੈਦਾਨ ਦੀ ਉਜਾੜ ਵਿੱਚ ਹੈ ਠਹਿਰਾਇਆ ਅਤੇ ਰਾਮੋਥ ਨੂੰ ਜਿਹੜਾ ਗਿਲਆਦ ਵਿੱਚ ਗਾਦ ਦੇ ਗੋਤ ਵਿੱਚ ਸੀ ਅਤੇ ਬਾਸ਼ਾਨ ਵਿੱਚ ਗੋਲਾਨ ਨੂੰ ਜਿਹੜਾ ਮਨੱਸ਼ੇਹ ਦੇ ਗੋਤ ਵਿੱਚ ਸੀ।

9ਇਹ ਸਾਰੇ ਸ਼ਹਿਰ ਇਸਰਾਏਲੀਆਂ ਲਈ ਹਨ ਅਤੇ ਉਹ ਪਰਦੇਸੀ ਜੋ ਗਲਤੀ ਨਾਲ ਕਿਸੇ ਨੂੰ ਮਾਰ ਦਿੰਦਾ ਹੈ, ਇੱਥੇ ਆ ਸਕਦਾ ਹੈ ਅਤੇ ਸੁਰੱਖਿਅਤ ਹੋ ਸਕਦਾ ਹੈ ਤਾਂ ਜੋ ਦੁਸ਼ਮਣ ਉਸਨੂੰ ਮਾਰ ਨਾ ਸਕੇ, ਜਦੋਂ ਤੱਕ ਕਾਤਲ ਨੂੰ ਸਭਾ ਦੇ ਸਾਹਮਣੇ ਨਹੀਂ ਲਿਆਂਦਾ ਜਾਂਦਾ, ਉਹ ਸ਼ਹਿਰ ਵਿੱਚ ਪਨਾਹ ਲੈ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.