ਯੇਹੋਸ਼ੁਆ 5

1ਹੁਣ ਜਦੋਂ ਯਰਦਨ ਦੇ ਪੱਛਮ ਵੱਲ ਦੇ ਸਾਰੇ ਅਮੋਰੀ ਰਾਜਿਆਂ ਅਤੇ ਤੱਟ ਦੇ ਕੰਢੇ ਦੇ ਸਾਰੇ ਕਨਾਨੀ ਰਾਜਿਆਂ ਨੇ ਸੁਣਿਆ ਕਿ ਕਿਵੇਂ ਯਾਹਵੇਹ ਨੇ ਇਸਰਾਏਲੀਆਂ ਦੇ ਅੱਗੇ ਯਰਦਨ ਨਦੀ ਨੂੰ ਸੁਕਾ ਦਿੱਤਾ ਸੀ ਜਦੋਂ ਤੱਕ ਉਹ ਪਾਰ ਨਹੀਂ ਹੋ ਗਏ ਸਨ, ਤਾਂ ਉਨ੍ਹਾਂ ਦੇ ਦਿਲ ਡਰ ਨਾਲ ਪਿਘਲ ਗਏ ਅਤੇ ਉਹਨਾਂ ਵਿੱਚ ਇਸਰਾਏਲੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਰਹੀ।

2ਉਸ ਸਮੇਂ, ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਚਮਕਦਾਰ ਪੱਥਰ ਦੇ ਚਾਕੂ ਬਣਾ ਅਤੇ ਇਸਰਾਏਲੀਆਂ ਦੀ ਦੁਬਾਰਾ ਸੁੰਨਤ ਕਰ।”

3ਇਸ ਲਈ ਯੇਹੋਸ਼ੁਆ ਨੇ ਚਕਮਕ ਵਾਲੇ ਚਾਕੂ ਬਣਾਏ ਅਤੇ ਗਿਬਿਯਾਥ ਹਾਰਾਲੋਥ ਵਿੱਚ ਇਸਰਾਏਲੀਆਂ ਦੀ ਸੁੰਨਤ ਕੀਤੀ।

4ਯੇਹੋਸ਼ੁਆ ਦੁਆਰਾ ਉਨ੍ਹਾਂ ਦੀ ਸੁੰਨਤ ਕਰਨ ਦਾ ਕਾਰਨ ਇਹ ਸੀ ਕਿ ਉਹ ਸਾਰੇ ਜੋ ਮਿਸਰ ਤੋਂ ਆਏ ਸਨ, ਸਾਰੇ ਆਦਮੀ ਅਤੇ ਸਾਰੇ ਸੂਰਮੇ ਮਿਸਰ ਤੋਂ ਆਉਣ ਤੋਂ ਬਾਅਦ ਉਜਾੜ ਵਿੱਚ ਰਸਤੇ ਵਿੱਚ ਮਰ ਗਏ ਸਨ।

5ਜਿਹੜੇ ਲੋਕ ਬਾਹਰ ਆਏ ਸਨ ਉਨ੍ਹਾਂ ਦੀ ਸੁੰਨਤ ਹੋ ਚੁੱਕੀ ਸੀ, ਪਰ ਮਿਸਰ ਤੋਂ ਯਾਤਰਾ ਦੌਰਾਨ ਉਜਾੜ ਵਿੱਚ ਪੈਦਾ ਹੋਏ ਸਾਰੇ ਲੋਕਾਂ ਦੀ ਸੁੰਨਤ ਨਹੀਂ ਹੋਈ ਸੀ।

6ਇਸਰਾਏਲੀ ਚਾਲੀ ਸਾਲਾਂ ਤੱਕ ਉਜਾੜ ਵਿੱਚ ਘੁੰਮਦੇ ਰਹੇ ਸਨ ਜਦੋਂ ਤੱਕ ਮਿਸਰ ਛੱਡਣ ਵਾਲੇ ਸਾਰੇ ਯੋਧੇ ਮਰ ਨਾ ਗਏ, ਕਿਉਂਕਿ ਉਨ੍ਹਾਂ ਨੇ ਯਾਹਵੇਹ ਦਾ ਹੁਕਮ ਨਹੀਂ ਮੰਨਿਆ ਸੀ। ਯਾਹਵੇਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ਕਿ ਉਹ ਉਸ ਧਰਤੀ ਨੂੰ ਨਹੀਂ ਦੇਖਣਗੇ ਜਿਸਦਾ ਉਸ ਨੇ ਆਪਣੇ ਪੁਰਖਿਆਂ ਨਾਲ ਸਾਨੂੰ ਦੇਣ ਦਾ ਵਾਅਦਾ ਕੀਤਾ ਸੀ, ਇੱਕ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।

7ਇਸ ਲਈ ਉਸ ਨੇ ਉਨ੍ਹਾਂ ਦੇ ਪੁੱਤਰਾਂ ਨੂੰ ਉਨ੍ਹਾਂ ਦੇ ਸਥਾਨ ਉੱਤੇ ਖੜ੍ਹਾ ਕੀਤਾ ਅਤੇ ਇਹ ਉਹ ਸਨ ਜਿਨ੍ਹਾਂ ਦੀ ਸੁੰਨਤ ਯੇਹੋਸ਼ੁਆ ਨੇ ਕੀਤੀ ਸੀ, ਉਹ ਅਜੇ ਵੀ ਅਸੁੰਨਤੀ ਸਨ ਕਿਉਂਕਿ ਰਸਤੇ ਵਿੱਚ ਉਨ੍ਹਾਂ ਦੀ ਸੁੰਨਤ ਨਹੀਂ ਹੋਈ ਸੀ।

8ਅਤੇ ਸਾਰੀ ਕੌਮ ਦੀ ਸੁੰਨਤ ਹੋਣ ਤੋਂ ਬਾਅਦ, ਜਦੋਂ ਤੱਕ ਉਹ ਠੀਕ ਨਾ ਹੋ ਗਏ, ਉਹ ਉੱਥੇ ਹੀ ਡੇਰੇ ਵਿੱਚ ਰਹੇ ਸਨ।

9ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਅੱਜ ਮੈਂ ਮਿਸਰ ਦੀ ਬਦਨਾਮੀ ਤੇਰੇ ਤੋਂ ਦੂਰ ਕਰ ਦਿੱਤੀ ਹੈ।” ਇਸ ਲਈ ਇਸ ਸਥਾਨ ਨੂੰ ਅੱਜ ਤੱਕ ਗਿਲਗਾਲ ਕਿਹਾ ਜਾਂਦਾ ਹੈ।

10ਮਹੀਨੇ ਦੇ ਚੌਦ੍ਹਵੇਂ ਦਿਨ ਦੀ ਸ਼ਾਮ ਨੂੰ, ਜਦੋਂ ਯਰੀਹੋ ਦੇ ਮੈਦਾਨ ਗਿਲਗਾਲ ਵਿੱਚ ਡੇਰੇ ਲਾਏ, ਇਸਰਾਏਲੀਆਂ ਨੇ ਪਸਾਹ ਦਾ ਤਿਉਹਾਰ ਮਨਾਇਆ।

11ਪਸਾਹ ਦੇ ਅਗਲੇ ਦਿਨ ਹੀ ਉਨ੍ਹਾਂ ਨੇ ਜ਼ਮੀਨ ਦੀ ਕੁਝ ਉਪਜ ਤੋਂ ਪਤੀਰੀ ਰੋਟੀ ਅਤੇ ਭੁੰਨਿਆ ਅਨਾਜ ਖਾਧਾ।

12ਜਦ ਉਹਨਾਂ ਨੇ ਉਸ ਦੇਸ਼ ਦੀ ਪੈਦਾਵਾਰ ਤੋਂ ਖਾਧਾ ਤਾਂ ਅਗਲੇ ਦਿਨ ਹੀ ਮੰਨਾ ਬੰਦ ਹੋ ਗਿਆ ਅਤੇ ਫਿਰ ਇਸਰਾਏਲੀਆਂ ਨੇ ਕਦੇ ਮੰਨਾ ਨਾ ਖਾਧਾ, ਪਰ ਉਹਨਾਂ ਨੇ ਉਸ ਸਾਲ ਕਨਾਨ ਦੇਸ਼ ਦੀ ਪੈਦਾਵਾਰ ਤੋਂ ਖਾਧਾ ਸੀ।

13ਹੁਣ ਜਦੋਂ ਯੇਹੋਸ਼ੁਆ ਯਰੀਹੋ ਦੇ ਨੇੜੇ ਸੀ, ਉਸਨੇ ਉੱਪਰ ਤੱਕਿਆ ਅਤੇ ਇੱਕ ਆਦਮੀ ਨੂੰ ਆਪਣੇ ਹੱਥ ਵਿੱਚ ਖਿੱਚੀ ਹੋਈ ਤਲਵਾਰ ਨਾਲ ਉਸਦੇ ਸਾਹਮਣੇ ਖਲੋਤਾ ਵੇਖਿਆ ਤਾਂ ਯੇਹੋਸ਼ੁਆ ਉਸ ਕੋਲ ਗਿਆ ਅਤੇ ਪੁੱਛਿਆ, “ਤੁਸੀਂ ਸਾਡੇ ਵੱਲ ਹੋ ਜਾਂ ਸਾਡੇ ਦੁਸ਼ਮਣਾਂ ਵੱਲ?”

14ਉਸਨੇ ਜਵਾਬ ਦਿੱਤਾ, “ਕਿਸੇ ਵਲੋਂ ਨਹੀਂ, ਪਰ ਮੈਂ ਹੁਣ ਯਾਹਵੇਹ ਦੇ ਸੈਨਾਪਤੀ ਵਜੋਂ ਆਇਆ ਹਾਂ।” ਤਦ ਯੇਹੋਸ਼ੁਆ ਨੇ ਆਦਰ ਨਾਲ ਧਰਤੀ ਤੱਕ ਝੁਕ ਕੇ ਉਸਨੂੰ ਪੁੱਛਿਆ, “ਮੇਰੇ ਯਾਹਵੇਹ ਦਾ ਆਪਣੇ ਸੇਵਕ ਲਈ ਕੀ ਸੰਦੇਸ਼ ਹੈ?”

15ਯਾਹਵੇਹ ਦੇ ਸੈਨਾਪਤੀ ਨੇ ਜਵਾਬ ਦਿੱਤਾ, “ਆਪਣੀ ਜੁੱਤੀ ਲਾਹ ਦੇ ਕਿਉਂ ਜੋ ਉਹ ਥਾਂ ਜਿੱਥੇ ਤੂੰ ਖੜ੍ਹਾ ਹੈਂ ਉਹ ਪਵਿੱਤਰ ਹੈ।” ਅਤੇ ਯੇਹੋਸ਼ੁਆ ਨੇ ਅਜਿਹਾ ਹੀ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.