6ਜਦੋਂ ਫ਼ਲਿਸਤੀਆਂ ਨੇ ਪੁੱਛਿਆ, “ਇਹ ਕਿਸਨੇ ਕੀਤਾ?” ਲੋਕਾਂ ਨੇ ਕਿਹਾ, “ਤਿਮਨਾਹ ਦੇ ਜਵਾਈ ਸਮਸੂਨ ਨੇ ਕਿਉਂਕਿ ਉਸਦੀ ਪਤਨੀ ਉਸਦੇ ਸਾਥੀ ਨੂੰ ਦਿੱਤੀ ਗਈ ਸੀ।” ਇਸ ਲਈ ਫ਼ਲਿਸਤੀਆਂ ਨੇ ਜਾ ਕੇ ਉਸਦੀ ਪਤਨੀ ਅਤੇ ਉਸ ਦੇ ਪਿਤਾ ਨੂੰ ਸਾੜ ਦਿੱਤਾ।
7ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਇਸ ਤਰ੍ਹਾਂ ਕੀਤਾ ਹੈ, ਮੈਂ ਵੀ ਸਹੁੰ ਖਾਂਦਾ ਹਾਂ ਕਿ ਜਦੋਂ ਤੱਕ ਮੈਂ ਤੁਹਾਡੇ ਤੋਂ ਬਦਲਾ ਨਹੀਂ ਲਵਾਂਗਾ, ਮੈਂ ਸ਼ਾਂਤ ਨਹੀਂ ਹੋਵਾਂਗਾ।”
8ਉਸ ਨੇ ਉਨ੍ਹਾਂ ਉੱਤੇ ਬੇਰਹਿਮੀ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਵੱਢ ਸੁੱਟਿਆ। ਫਿਰ ਉਹ ਹੇਠਾਂ ਗਿਆ ਅਤੇ ਏਤਾਮ ਦੀ ਚੱਟਾਨ ਦੀ ਇੱਕ ਗੁਫ਼ਾ ਵਿੱਚ ਠਹਿਰਿਆ।
9ਫ਼ਲਿਸਤੀਆਂ ਨੇ ਚੜ੍ਹ ਕੇ ਯਹੂਦਾਹ ਵਿੱਚ ਡੇਰੇ ਲਾਏ ਅਤੇ ਲੇਹੀ ਦੇ ਨੇੜੇ ਫੈਲ ਗਏ।
10ਯਹੂਦਾਹ ਦੇ ਲੋਕਾਂ ਨੇ ਪੁੱਛਿਆ, “ਤੁਸੀਂ ਸਾਡੇ ਨਾਲ ਲੜਨ ਲਈ ਕਿਉਂ ਆਏ ਹੋ?” ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਸਮਸੂਨ ਨੂੰ ਬੰਨ੍ਹਣ ਲਈ ਆਏ ਹਾਂ, ਉਸ ਨਾਲ ਉਹ ਕਰਨ ਲਈ ਜਿਵੇਂ ਉਸਨੇ ਸਾਡੇ ਨਾਲ ਕੀਤਾ ਸੀ।”