26“ਅਤੇ ਜਿਹੜਾ ਮਨੁੱਖ ਉਸ ਬੱਕਰੇ ਨੂੰ ਅਜਾਜੇਲ ਲਈ ਛੱਡ ਕੇ ਆਇਆ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਫਿਰ ਡੇਰੇ ਵਿੱਚ ਆਵੇ।
27ਪਾਪ ਦੀ ਭੇਟ ਲਈ ਬਲਦ ਅਤੇ ਬੱਕਰਾ, ਜਿਨ੍ਹਾਂ ਦਾ ਲਹੂ ਪ੍ਰਾਸਚਿਤ ਕਰਨ ਲਈ ਅੱਤ ਪਵਿੱਤਰ ਸਥਾਨ ਵਿੱਚ ਲਿਆਂਦਾ ਗਿਆ ਸੀ, ਡੇਰੇ ਤੋਂ ਬਾਹਰ ਲੈ ਜਾਣਾ ਚਾਹੀਦਾ ਹੈ; ਉਹਨਾਂ ਦੀਆਂ ਖੱਲਾਂ, ਮਾਸ ਅਤੇ ਅੰਤੜੀਆਂ ਨੂੰ ਸਾੜ ਦਿੱਤਾ ਜਾਵੇ।
28ਜਿਹੜਾ ਆਦਮੀ ਉਹਨਾਂ ਨੂੰ ਸਾੜਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਫਿਰ ਬਾਅਦ ਵਿੱਚ ਉਹ ਡੇਰੇ ਵਿੱਚ ਆ ਸਕਦਾ ਹੈ।
29“ਇਹ ਤੁਹਾਡੇ ਲਈ ਇੱਕ ਸਥਾਈ ਨਿਯਮ ਹੈ; ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਸੀਂ ਆਪਣੇ ਆਪ ਤੋਂ ਇਨਕਾਰ ਕਰਨਾ ਅਤੇ ਕੋਈ ਕੰਮ ਨਹੀਂ ਕਰਨਾ, ਭਾਵੇਂ ਤੁਹਾਡੇ ਵਿੱਚ ਜੰਮਿਆ ਹੋਇਆ ਹੋਵੇ ਜਾਂ ਕੋਈ ਪਰਦੇਸੀ,
30ਕਿਉਂਕਿ ਉਸ ਦਿਨ ਤੁਹਾਡੇ ਲਈ ਪ੍ਰਾਸਚਿਤ ਕੀਤਾ ਜਾਵੇਗਾ, ਤੁਹਾਨੂੰ ਸ਼ੁੱਧ ਕਰਨ ਲਈ। ਤਦ, ਯਾਹਵੇਹ ਅੱਗੇ, ਤੁਸੀਂ ਆਪਣੇ ਸਾਰੇ ਪਾਪਾਂ ਤੋਂ ਸ਼ੁੱਧ ਹੋ ਜਾਵੋਗੇ।