27ਜਦੋਂ ਯਿਸ਼ੂ ਇਹ ਗੱਲਾਂ ਕਰ ਰਹੇ ਸੀ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਕਿਹਾ, “ਧੰਨ ਹੈ ਉਹ ਮਾਂ ਜਿਸ ਨੇ ਤੈਨੂੰ ਜਨਮ ਦਿੱਤਾ ਅਤੇ ਤੇਰਾ ਪਾਲਣ ਪੋਸ਼ਣ ਕੀਤਾ।”
28ਪਰ ਯਿਸ਼ੂ ਨੇ ਕਿਹਾ, “ਧੰਨ ਹਨ ਉਹ ਲੋਕ ਜਿਹੜੇ ਪਰਮੇਸ਼ਵਰ ਦੇ ਬਚਨਾਂ ਨੂੰ ਸੁਣਦੇ ਅਤੇ ਇਸ ਨੂੰ ਮੰਨਦੇ ਹਨ।”
29ਜਿਵੇਂ ਹੀ ਭੀੜ ਵੱਧਦੀ ਗਈ ਯਿਸ਼ੂ ਨੇ ਕਿਹਾ, “ਇਹ ਦੁਸ਼ਟ ਪੀੜ੍ਹੀ ਹੈ। ਇਹ ਚਿੰਨ੍ਹ ਦੀ ਮੰਗ ਕਰਦੇ ਹਨ, ਪਰ ਯੋਨਾਹ ਨਬੀ ਦੇ ਚਿੰਨ੍ਹ ਤੋਂ ਇਲਾਵਾ ਇਨ੍ਹਾਂ ਨੂੰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ।
30ਜਿਸ ਤਰ੍ਹਾਂ ਯੋਨਾਹ ਨਬੀ ਨੀਨਵਾਹ ਸ਼ਹਿਰ ਦੇ ਲੋਕਾਂ ਲਈ ਇੱਕ ਚਿੰਨ੍ਹ ਸੀ, ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਇਸ ਪੀੜ੍ਹੀ ਦੇ ਲੋਕਾਂ ਲਈ ਚਿੰਨ੍ਹ ਹੋਵੇਗਾ।
31ਦੱਖਣ ਦੀ ਰਾਣੀ ਨਿਆਂ ਦੇ ਦਿਨ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦ ਤੋਂ ਸ਼ਲੋਮੋਨ ਦਾ ਗਿਆਨ ਸੁਣਨ ਆਈ ਅਤੇ ਵੇਖੋ ਇੱਥੇ ਉਹ ਹੈ ਜਿਹੜਾ ਸ਼ਲੋਮੋਨ ਨਾਲੋਂ ਵੀ ਵੱਡਾ ਹੈ।