5“ਮੇਰਾ ਨੇਮ ਉਸ ਨਾਲ ਸੀ, ਜੀਵਨ ਅਤੇ ਸ਼ਾਂਤੀ ਦਾ ਸੀ, ਅਤੇ ਮੈਂ ਉਸ ਨੂੰ ਇਹ ਦਿੱਤਾ ਕਿ ਉਹ ਡਰਦਾ ਰਹੇ। ਉਹ ਮੇਰੇ ਕੋਲੋਂ ਡਰਦਾ ਵੀ ਰਿਹਾ, ਉਹ ਮੇਰੇ ਨਾਮ ਤੋਂ ਭੈਅ ਖਾਂਦਾ ਰਿਹਾ।
6ਸੱਚਾ ਉਪਦੇਸ਼ ਉਸਦੇ ਮੂੰਹ ਵਿੱਚ ਸੀ ਅਤੇ ਉਸਦੇ ਬੁੱਲ੍ਹਾਂ ਉੱਤੇ ਕੁਝ ਵੀ ਝੂਠ ਨਹੀਂ ਪਾਇਆ ਗਿਆ। ਉਹ ਮੇਰੇ ਨਾਲ ਸ਼ਾਂਤੀ ਅਤੇ ਨੇਕਦਿਲੀ ਨਾਲ ਚੱਲਿਆ, ਅਤੇ ਬਹੁਤਿਆਂ ਨੂੰ ਪਾਪ ਤੋਂ ਮੋੜ ਲੈ ਆਇਆ।
7“ਕਿਉਂਕਿ ਜਾਜਕਾਂ ਦੇ ਬੁੱਲ ਗਿਆਨ ਦੀ ਰਾਖੀ ਕਰਨ, ਕਿਉਂਕਿ ਉਹ ਸਰਵਸ਼ਕਤੀਮਾਨ ਯਾਹਵੇਹ ਦਾ ਦੂਤ ਹੈ ਅਤੇ ਲੋਕ ਉਸਦੇ ਮੂੰਹ ਤੋਂ ਉਪਦੇਸ਼ ਭਾਲਦੇ ਹਨ।
8ਪਰ ਤੂੰ ਰਾਹ ਤੋਂ ਮੁੜਿਆ ਹੈਂ ਅਤੇ ਤੇਰੇ ਉਪਦੇਸ਼ ਨਾਲ ਬਹੁਤਿਆਂ ਨੂੰ ਠੋਕਰ ਲੱਗੀ ਹੈ। ਤੁਸੀਂ ਲੇਵੀ ਦੇ ਨੇਮ ਦੀ ਉਲੰਘਣਾ ਕੀਤੀ ਹੈ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
9“ਇਸ ਲਈ ਮੈਂ ਤੁਹਾਨੂੰ ਸਾਰਿਆਂ ਲੋਕਾਂ ਦੇ ਸਾਮ੍ਹਣੇ ਤੁੱਛ ਅਤੇ ਬੇਇੱਜ਼ਤ ਕੀਤਾ ਹੈ, ਕਿਉਂਕਿ ਤੁਸੀਂ ਮੇਰੇ ਰਾਹਾਂ ਉੱਤੇ ਨਹੀਂ ਚੱਲੇ ਪਰ ਨੇਮ ਦੇ ਮਾਮਲਿਆਂ ਵਿੱਚ ਪੱਖਪਾਤ ਕੀਤੀ ਹੈ।”