1“ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ, ਜੋ ਮੇਰੇ ਅੱਗੇ ਰਸਤਾ ਤਿਆਰ ਕਰੇਗਾ। ਫਿਰ ਅਚਾਨਕ ਯਾਹਵੇਹ ਜਿਸ ਨੂੰ ਤੁਸੀਂ ਲੱਭ ਰਹੇ ਹੋ ਉਹ ਆਪਣੀ ਹੈਕਲ ਵਿੱਚ ਆ ਜਾਵੇਗਾ; ਨੇਮ ਦਾ ਦੂਤ, ਜਿਸਨੂੰ ਤੁਸੀਂ ਚਾਹੁੰਦੇ ਹੋ, ਉਹ ਆਵੇਗਾ,” ਸਰਬਸ਼ਕਤੀਮਾਨ ਯਾਹਵੇਹ ਕਹਿੰਦਾ ਹੈ।
2ਪਰ ਉਸ ਦੇ ਆਉਣ ਵਾਲੇ ਦਿਨ ਨੂੰ ਕੌਣ ਸਹਾਰ ਸਕਦਾ ਹੈ? ਜਦੋਂ ਉਹ ਪ੍ਰਗਟ ਹੁੰਦਾ ਹੈ, ਤਾਂ ਉਸ ਦੇ ਅੱਗੇ ਕੌਣ ਖੜ੍ਹਾ ਹੋ ਸਕਦਾ ਹੈ? ਕਿਉਂਕਿ ਇਹ ਸੁਨਿਆਰੇ ਦੀ ਭੱਠੀ ਵਾਂਗ ਜਾਂ ਧੋਤੀ ਦੇ ਸਾਬਣ ਵਰਗਾ ਹੋਵੇਗਾ।
3ਉਹ ਚਾਂਦੀ ਨੂੰ ਤਾਉਣ ਅਤੇ ਸ਼ੁੱਧ ਕਰਨ ਲਈ ਬੈਠੇਗਾ; ਉਹ ਲੇਵੀਆਂ ਨੂੰ ਚਾਂਦੀ ਵਾਂਗ ਸ਼ੁੱਧ ਕਰੇਗਾ ਅਤੇ ਉਹਨਾਂ ਨੂੰ ਸੋਨੇ ਵਾਂਗ ਅੱਗ ਵਿੱਚ ਤਾਵੇਗਾ। ਤਦ ਯਾਹਵੇਹ ਦੇ ਕੋਲ ਅਜਿਹੇ ਮਨੁੱਖ ਹੋਣਗੇ ਜੋ ਧਾਰਮਿਕਤਾ ਵਿੱਚ ਚੜ੍ਹਾਵੇ ਲਿਆਉਣਗੇ,
4ਅਤੇ ਯਹੂਦਾਹ ਅਤੇ ਯੇਰੂਸ਼ਲੇਮ ਦੀਆਂ ਭੇਟਾਂ ਯਾਹਵੇਹ ਨੂੰ ਪਸੰਦ ਹੋਣਗੀਆਂ, ਜਿਵੇਂ ਅਸੀਂ ਪਹਿਲੇ ਦਿਨਾਂ ਅਤੇ ਪੁਰਾਣੇ ਸਾਲਾਂ ਵਿੱਚ ਸਵੀਕਾਰ ਕਰਦੇ ਸੀ।