2“ਹੇ ਪਹਾੜੋ, ਯਾਹਵੇਹ ਦੇ ਦੋਸ਼ਾਂ ਵੱਲ ਧਿਆਨ ਦਿਓ; ਅਤੇ ਹੇ ਧਰਤੀ ਦੀਆਂ ਸਦੀਪਕ ਨੀਹਾਂ ਸੁਣੋ। ਕਿਉਂ ਜੋ ਯਾਹਵੇਹ ਦਾ ਮੁਕੱਦਮਾ ਆਪਣੀ ਪਰਜਾ ਦੇ ਨਾਲ ਹੈ; ਉਹ ਇਸਰਾਏਲ ਵਿਰੁੱਧ ਲੜੇਗਾ।
3“ਹੇ ਮੇਰੇ ਲੋਕੋ, ਮੈਂ ਤੁਹਾਡੇ ਨਾਲ ਕੀ ਕੀਤਾ ਹੈ? ਮੈਂ ਤੁਹਾਡੇ ਉੱਤੇ ਕਿਵੇਂ ਬੋਝ ਪਾਇਆ ਹੈ? ਮੈਨੂੰ ਜਵਾਬ ਦਿਉ।
4ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਗੁਲਾਮੀ ਦੇ ਦੇਸ਼ ਵਿੱਚੋਂ ਛੁਡਾਇਆ। ਮੈਂ ਮੋਸ਼ੇਹ ਹਾਰੋਨ ਅਤੇ ਮਰਿਯਮ ਨੂੰ ਤੁਹਾਡੀ ਅਗਵਾਈ ਕਰਨ ਲਈ ਭੇਜਿਆ।
5ਹੇ ਮੇਰੇ ਲੋਕੋ, ਯਾਦ ਰੱਖੋ, ਕਿ ਮੋਆਬ ਦੇ ਰਾਜੇ ਬਾਲਾਕ ਨੇ ਕਿਹੜੀ ਸਾਜ਼ਿਸ਼ ਬਣਾਈ ਸੀ, ਅਤੇ ਬਓਰ ਦੇ ਪੁੱਤਰ ਬਿਲਆਮ ਨੇ ਕੀ ਜਵਾਬ ਦਿੱਤਾ ਸੀ। ਸ਼ਿੱਟੀਮ ਤੋਂ ਗਿਲਗਾਲ ਤੱਕ ਦੇ ਆਪਣੇ ਸਫ਼ਰ ਨੂੰ ਚੇਤੇ ਰੱਖੋ, ਤਾਂ ਜੋ ਤੁਸੀਂ ਯਾਹਵੇਹ ਦੇ ਧਰਮੀ ਕੰਮਾਂ ਨੂੰ ਜਾਣ ਸਕੋ।”
6ਮੈਂ ਕਿਸ ਚੀਜ਼ ਨਾਲ ਯਾਹਵੇਹ ਦੇ ਅੱਗੇ ਆਵਾਂ, ਅਤੇ ਉੱਚੇ ਪਰਮੇਸ਼ਵਰ ਦੇ ਅੱਗੇ ਮੱਥਾ ਟੇਕਾਂ? ਕੀ ਮੈਂ ਹੋਮ ਦੀਆਂ ਭੇਟਾਂ ਲੈ ਕੇ, ਇੱਕ ਸਾਲ ਦੇ ਵੱਛਿਆਂ ਨਾਲ ਉਹ ਦੇ ਅੱਗੇ ਆਵਾਂ?