3ਫਿਰ ਤੋਬਿਆਹ ਅੰਮੋਨੀ ਨੇ ਜੋ ਉਸ ਦੇ ਨਾਲ ਸੀ, ਕਹਿਣ ਲੱਗਾ, “ਜੋ ਕੁਝ ਇਹ ਬਣਾ ਰਹੇ ਹਨ ਜੇ ਇੱਕ ਲੂੰਬੜੀ ਵੀ ਇਹ ਦੇ ਉੱਤੇ ਚੜ੍ਹ ਜਾਵੇ ਤਾਂ ਪੱਥਰਾਂ ਦੀ ਇਸ ਕੰਧ ਨੂੰ ਢਾਹ ਦੇਵੇਗੀ!”
4ਹੇ ਸਾਡੇ ਪਰਮੇਸ਼ਵਰ, ਸਾਡੀ ਸੁਣ ਕਿਉਂ ਜੋ ਸਾਡਾ ਨਿਰਾਦਰ ਹੁੰਦਾ ਹੈ। ਉਹਨਾਂ ਦੀ ਇਸ ਨਿੰਦਿਆ ਨੂੰ ਮੁੜ ਉਹਨਾਂ ਦੇ ਸਿਰ ਉੱਤੇ ਮੋੜ ਦੇ, ਅਤੇ ਗ਼ੁਲਾਮੀ ਦੇ ਦੇਸ਼ ਵਿੱਚ ਉਹਨਾਂ ਨੂੰ ਲੁੱਟ ਦਾ ਮਾਲ ਬਣਾ ਦੇ।
5ਉਹਨਾਂ ਦੀ ਬੁਰਿਆਈ ਨੂੰ ਨਾ ਢੱਕ ਅਤੇ ਉਹਨਾਂ ਦੇ ਪਾਪ ਤੇਰੇ ਸਾਹਮਣਿਓਂ ਨਾ ਮਿਟਣ, ਕਿਉਂ ਜੋ ਉਹਨਾਂ ਨੇ ਤੇਰੇ ਕ੍ਰੋਧ ਨੂੰ ਕਾਰੀਗਰਾਂ ਦੇ ਅੱਗੇ ਭੜਕਾਇਆ ਹੈ।
6ਇਸ ਲਈ ਅਸੀਂ ਕੰਧ ਨੂੰ ਉਦੋਂ ਤੱਕ ਦੁਬਾਰਾ ਬਣਾਇਆ ਜਦੋਂ ਤੱਕ ਕਿ ਇਹ ਅੱਧੀ ਉਚਾਈ ਤੱਕ ਨਾ ਪਹੁੰਚ ਗਈ, ਕਿਉਂਕਿ ਲੋਕਾਂ ਨੇ ਆਪਣੇ ਪੂਰੇ ਦਿਲ ਨਾਲ ਕੰਮ ਕੀਤਾ ਸੀ।
7ਪਰ ਜਦੋਂ ਸਨਬੱਲਟ, ਤੋਬਿਆਹ, ਅਰਬੀਆਂ, ਅੰਮੋਨੀਆਂ ਅਤੇ ਅਸ਼ਦੋਦ ਦੇ ਲੋਕਾਂ ਨੇ ਸੁਣਿਆ ਕਿ ਯੇਰੂਸ਼ਲੇਮ ਦੀਆਂ ਕੰਧਾਂ ਦੀ ਮੁਰੰਮਤ ਦਾ ਕੰਮ ਅੱਗੇ ਵਧਿਆ ਹੈ ਅਤੇ ਦਰਾਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ, ਤਾਂ ਉਹ ਬਹੁਤ ਗੁੱਸੇ ਹੋ ਗਏ।