36ਸੋ ਮੋਸ਼ੇਹ ਨੇ ਜਿਨ੍ਹਾਂ ਮਨੁੱਖਾਂ ਨੂੰ ਧਰਤੀ ਦੀ ਖੋਜ ਕਰਨ ਲਈ ਭੇਜਿਆ ਸੀ, ਉਹ ਵਾਪਸ ਪਰਤ ਆਏ ਅਤੇ ਸਾਰੀ ਕੌਮ ਦੇ ਵਿੱਚ ਬੁਰੀ ਖ਼ਬਰ ਫੈਲਾਈ ਕਿ ਉਹ ਮੋਸ਼ੇਹ ਦੇ ਵਿਰੁੱਧ ਬੁੜ-ਬੁੜਾਉਣ।
37ਉਹ ਮਨੁੱਖ ਜਿਹੜੇ ਧਰਤੀ ਦੀ ਬੁਰੀ ਖ਼ਬਰ ਫੈਲਾਉਣ ਦੇ ਜ਼ਿੰਮੇਵਾਰ ਸਨ, ਯਾਹਵੇਹ ਦੇ ਸਾਹਮਣੇ ਮਹਾਂਮਾਰੀ ਨਾਲ ਮਰ ਗਏ।
38ਜਿਹੜੇ ਮਨੁੱਖ ਧਰਤੀ ਦੀ ਖੋਜ ਕਰਨ ਲਈ ਗਏ ਸਨ, ਉਹਨਾਂ ਵਿੱਚੋਂ ਸਿਰਫ ਨੂਨ ਦਾ ਪੁੱਤਰ ਯੇਹੋਸ਼ੁਆ ਅਤੇ ਯ਼ਫੁੰਨੇਹ ਦਾ ਪੁੱਤਰ ਕਾਲੇਬ ਬਚੇ ਸਨ।
39ਜਦੋਂ ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਨੇ ਬਹੁਤ ਵਿਰਲਾਪ ਕੀਤਾ।
40ਅਗਲੀ ਸਵੇਰ ਉਹ ਪਹਾੜੀ ਦੇਸ਼ ਵਿੱਚ ਸਭ ਤੋਂ ਉੱਚੇ ਸਥਾਨ ਲਈ ਰਵਾਨਾ ਹੋਏ ਅਤੇ ਕਿਹਾ, “ਹੁਣ ਅਸੀਂ ਉਸ ਧਰਤੀ ਉੱਤੇ ਜਾਣ ਲਈ ਤਿਆਰ ਹਾਂ ਜਿਸਦਾ ਯਾਹਵੇਹ ਨੇ ਵਾਅਦਾ ਕੀਤਾ ਸੀ। ਯਕੀਨਨ ਅਸੀਂ ਪਾਪ ਕੀਤਾ ਹੈ!”