9ਪਰ ਮੋਸ਼ੇਹ ਨੇ ਕੋਹਾਥੀਆਂ ਨੂੰ ਕੁਝ ਨਾ ਦਿੱਤਾ ਕਿਉਂ ਜੋ ਉਹਨਾਂ ਨੇ ਪਵਿੱਤਰ ਵਸਤੂਆਂ ਨੂੰ ਆਪਣੇ ਮੋਢਿਆਂ ਉੱਤੇ ਚੁੱਕਣਾ ਸੀ ਜਿਸ ਲਈ ਉਹ ਜ਼ਿੰਮੇਵਾਰ ਸਨ।
10ਜਦੋਂ ਜਗਵੇਦੀ ਨੂੰ ਮਸਹ ਕੀਤਾ ਗਿਆ ਤਾਂ ਆਗੂ ਉਸ ਦੇ ਸਮਰਪਣ ਲਈ ਆਪਣੀਆਂ ਭੇਟਾਂ ਲੈ ਕੇ ਆਏ ਅਤੇ ਜਗਵੇਦੀ ਦੇ ਅੱਗੇ ਪੇਸ਼ ਕੀਤੇ।
11ਕਿਉਂਕਿ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਹਰ ਰੋਜ਼ ਇੱਕ ਆਗੂ ਜਗਵੇਦੀ ਦੇ ਸਮਰਪਣ ਲਈ ਆਪਣੀ ਭੇਟ ਲੈ ਕੇ ਆਵੇ।”
12ਜਿਹੜਾ ਪਹਿਲੇ ਦਿਨ ਆਪਣੀ ਭੇਟ ਲੈ ਕੇ ਆਇਆ ਉਹ ਯਹੂਦਾਹ ਦੇ ਗੋਤ ਵਿੱਚੋਂ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ ਸੀ।
13ਉਹ ਦਾ ਚੜ੍ਹਾਵਾ ਇਹ ਸੀ, ਇੱਕ ਸੌ ਤੀਹ ਸ਼ੈਕੇਲ ਵਜ਼ਨ ਦੀ ਇੱਕ ਚਾਂਦੀ ਦੀ ਥਾਲੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜਿਸਦਾ ਵਜ਼ਨ ਸੱਤਰ ਸ਼ੈਕੇਲ ਸੀ, ਦੋਵੇਂ ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਸੀ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।