9ਮੈਂ ਯੋਹਨ, ਮਸੀਹ ਵਿੱਚ ਤੁਹਾਡਾ ਭਰਾ ਅਤੇ ਮਸੀਹ ਯਿਸ਼ੂ ਲਈ ਦੁੱਖ ਝੱਲਣ ਵਿੱਚ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਅਤੇ ਸਬਰ ਵਿੱਚ ਤੁਹਾਡਾ ਸਾਥੀ ਹਾਂ, ਮੈ ਪਰਮੇਸ਼ਵਰ ਦੇ ਬਚਨ ਦੇ ਕਾਰਨ ਅਤੇ ਮਸੀਹ ਯਿਸ਼ੂ ਦੇ ਗਵਾਹ ਦੀ ਵਜੋਂ ਪਾਤਮੁਸ ਟਾਪੂ ਉੱਤੇ ਭੇਜਿਆ ਗਿਆ ਸੀ।
10ਪ੍ਰਭੂ ਦੇ ਦਿਨ ਮੈਂ ਆਤਮਾ ਵਿੱਚ ਸੀ, ਅਤੇ ਮੈਂ ਆਪਣੇ ਪਿੱਛੇ ਇੱਕ ਤੁਰ੍ਹੀ ਦੀ ਉੱਚੀ ਆਵਾਜ਼ ਸੁਣੀ,
11ਜਿਸ ਨੇ ਮੈਨੂੰ ਆਖਿਆ, “ਜੋ ਕੁਝ ਤੂੰ ਦੇਖ ਰਿਹਾ ਹੈ ਉਸ ਨੂੰ ਇੱਕ ਪੋਥੀ ਵਿੱਚ ਲਿਖ ਲੈ, ਅਤੇ ਸੱਤ ਕਲੀਸਿਆਵਾਂ ਨੂੰ ਭੇਜਦੇ; ਅਰਥਾਤ ਅਫ਼ਸੁਸ ਦੇ ਇਹਨਾਂ ਸਾਰੇ ਸ਼ਹਿਰਾਂ ਨੂੰ, ਸਮੁਰਨੇ ਨੂੰ, ਪਰਗਮੁਮ ਨੂੰ, ਥੂਆਤੀਰੇ ਨੂੰ, ਸਾਰਦੀਸ ਨੂੰ, ਫ਼ਿਲਦਲਫ਼ੀਏ ਨੂੰ ਅਤੇ ਲਾਉਦਿਕੀਏ ਨੂੰ।”
12ਫਿਰ ਮੈਂ ਇਹ ਵੇਖਣ ਲਈ ਪਿੱਛੇ ਮੁੜਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ। ਪਿੱਛੇ ਮੁੜਦੇ ਹੀ ਮੈਂ ਸੋਨੇ ਦੇ ਸੱਤ ਸ਼ਮਾਦਾਨ ਦੇਖੇ,
13ਅਤੇ ਸ਼ਮਾਦਾਨਾਂ ਦੇ ਵਿੱਚ ਮਨੁੱਖ ਦੇ ਪੁੱਤਰ ਵਰਗਾ ਕੋਈ ਵਿਅਕਤੀ ਸੀ, ਜਿਸ ਨੇ ਇੱਕ ਚੋਗਾ ਪਹਿਨਿਆ ਹੋਇਆ ਸੀ ਜੋ ਉਸ ਦੇ ਪੈਰਾਂ ਤੱਕ ਪਹੁੰਚਦਾ ਸੀ ਅਤੇ ਛਾਤੀ ਦੇ ਦੁਆਲੇ ਇੱਕ ਸੋਨੇ ਦੀ ਚਾਦਰ ਸੀ।