1ਯਿਸ਼ੂ ਮਸੀਹ ਦਾ ਪ੍ਰਕਾਸ਼, ਜੋ ਪਰਮੇਸ਼ਵਰ ਨੇ ਆਪਣੇ ਦਾਸਾਂ ਉੱਤੇ ਪ੍ਰਗਟ ਕਰਨ ਲਈ ਦਿੱਤਾ, ਓਹ ਗੱਲਾਂ ਜਿਹੜੀਆਂ ਜਲਦੀ ਹੀ ਹੋਣ ਵਾਲੀਆਂ ਹਨ। ਉਸ ਨੇ ਆਪਣੇ ਦਾਸ ਯੋਹਨ ਨੂੰ ਆਪਣਾ ਦੂਤ ਭੇਜ ਕੇ ਇਹ ਗੱਲਾਂ ਪ੍ਰਗਟ ਕੀਤੀਆਂ।
2ਇਸ ਲਈ ਯੋਹਨ ਨੇ ਪਰਮੇਸ਼ਵਰ ਦਾ ਬਚਨ ਅਤੇ ਯਿਸ਼ੂ ਮਸੀਹ ਦੀ ਗਵਾਹੀ ਦੇਖ ਕੇ ਉਹਨਾਂ ਬਾਰੇ ਗਵਾਹੀ ਦਿੱਤੀ।
3ਧੰਨ ਹੈ ਉਹ ਜਿਹੜਾ ਇਸ ਭਵਿੱਖਬਾਣੀ ਨੂੰ ਪੜਦਾ ਅਤੇ ਉਹ ਜਿਹੜੇ ਇਸ ਨੂੰ ਸੁਣਦੇ ਹਨ ਅਤੇ ਜੋ ਕੁਝ ਇਸ ਵਿੱਚ ਲਿਖਿਆ ਹੈ ਉਸ ਨੂੰ ਆਪਣੇ ਮਨ ਵਿੱਚ ਰੱਖਦੇ ਹਨ, ਕਿਉਂਕਿ ਸਮਾਂ ਨੇੜੇ ਹੈ।
4ਯੋਹਨ ਦੇ ਵੱਲੋਂ, ਉਹਨਾਂ ਸੱਤ ਕਲੀਸਿਆਵਾਂ ਨੂੰ ਜਿਹੜੀਆਂ ਏਸ਼ੀਆ ਪ੍ਰਦੇਸ਼ ਵਿੱਚ ਹਨ। ਉਸ ਵੱਲੋਂ ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਹੋਵੇ, ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਅਤੇ ਨਾਲੇ ਸੱਤ ਆਤਮਾਵਾਂ ਵੱਲੋਂ ਜਿਹੜੀਆਂ ਉਸ ਦੇ ਸਿੰਘਾਸਣ ਦੇ ਅੱਗੇ ਹਨ।
5ਅਤੇ ਯਿਸ਼ੂ ਮਸੀਹ ਵੱਲੋ, ਜੋ ਵਫ਼ਾਦਾਰ ਗਵਾਹ, ਮਰੇ ਹੋਇਆ ਵਿੱਚੋਂ ਜੀ ਉੱਠਣ ਵਾਲਾ ਪਲੌਠਾ ਅਤੇ ਧਰਤੀ ਦੇ ਰਾਜਿਆਂ ਦੇ ਹਾਕਮ ਹੈ। ਜੋ ਹਮੇਸ਼ਾ ਪ੍ਰੇਮ ਕਰਦਾ ਹੈ ਅਤੇ ਜਿਸ ਨੇ ਆਪਣੇ ਲਹੂ ਦੇ ਬਲੀਦਾਨ ਦੁਆਰਾ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕੀਤਾ ਹੈ।