1ਉਹਨਾਂ ਸੱਤਾਂ ਦੂਤਾਂ ਵਿੱਚੋਂ ਜਿਨ੍ਹਾਂ ਨੇ ਕਟੋਰੇ ਫੜ੍ਹੇ ਸਨ, ਇੱਕ ਨੇ ਮੇਰੇ ਕੋਲ ਆ ਕੇ ਆਖਿਆ, “ਆ, ਮੈਂ ਤੈਨੂੰ ਉਸ ਵੱਡੀ ਵੇਸਵਾ ਦੀ ਸਜ਼ਾ ਵਿਖਾਵਾ, ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੈ।
2ਜਿਸ ਦੇ ਨਾਲ ਧਰਤੀ ਦੇ ਰਾਜਿਆਂ ਨੇ ਵਿਭਚਾਰ ਕੀਤਾ ਅਤੇ ਧਰਤੀ ਦੇ ਵਾਸੀ ਉਹ ਦੀ ਹਰਾਮਕਾਰੀ ਦੀ ਦਾਖਰਸ ਨਾਲ ਮਤਵਾਲੇ ਹੋਏ।”
3ਤਦ ਦੂਤ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ। ਉੱਥੇ ਮੈਂ ਇੱਕ ਔਰਤ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਬੈਠੇ ਹੋਏ ਵੇਖਿਆ ਜਿਹੜਾ ਦਰਿੰਦਾ ਨਿੰਦਿਆ ਦੇ ਨਾਂਵਾ ਨਾਲ ਭਰਿਆ ਹੋਇਆ ਸੀ ਅਤੇ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ।
4ਉਸ ਔਰਤ ਨੇ ਬੈਂਗਣੀ ਅਤੇ ਲਾਲ ਰੰਗ ਦੇ ਕੱਪੜੇ ਪਹਿਨੇ ਸਨ, ਉਹ ਸੋਨੇ ਅਤੇ ਮਹਿੰਗੇ ਮੋਤੀਆਂ ਨਾਲ ਸ਼ਿੰਗਾਰੀ ਹੋਈ ਸੀ। ਉਸ ਨੇ ਆਪਣੇ ਹੱਥ ਵਿੱਚ ਸੋਨੇ ਦਾ ਕਟੋਰਾ ਫੜਿਆ ਹੋਇਆ ਸੀ, ਜੋ ਘਿਣਾਉਣੀਆਂ ਵਸਤਾ ਅਤੇ ਉਸ ਦੇ ਵਿਭਚਾਰ ਨਾਲ ਭਰਿਆ ਹੋਇਆ ਸੀ।