5ਜਦੋਂ ਹਥਿਆਰ ਚੁੱਕਣ ਵਾਲੇ ਨੇ ਵੇਖਿਆ ਕਿ ਸ਼ਾਊਲ ਮਰ ਗਿਆ ਹੈ ਤਾਂ ਉਹ ਵੀ ਆਪਣੀ ਤਲਵਾਰ ਉੱਤੇ ਡਿੱਗ ਕੇ ਮਰ ਗਿਆ।
6ਸੋ ਸ਼ਾਊਲ ਅਤੇ ਉਹ ਦੇ ਤਿੰਨ ਪੁੱਤਰ ਮਰ ਗਏ ਅਤੇ ਉਹ ਦਾ ਸਾਰਾ ਘਰਾਣਾ ਇੱਕਠੇ ਮਰ ਗਿਆ।
7ਜਦੋਂ ਵਾਦੀ ਦੇ ਸਾਰੇ ਇਸਰਾਏਲੀਆਂ ਨੇ ਵੇਖਿਆ ਕਿ ਫ਼ੌਜ ਭੱਜ ਗਈ ਹੈ ਅਤੇ ਸ਼ਾਊਲ ਅਤੇ ਉਸ ਦੇ ਪੁੱਤਰ ਮਰ ਗਏ ਹਨ ਤਾਂ ਉਹ ਆਪਣੇ ਨਗਰਾਂ ਨੂੰ ਛੱਡ ਕੇ ਭੱਜ ਗਏ। ਫ਼ਲਿਸਤੀਆਂ ਨੇ ਆ ਕੇ ਉਹਨਾਂ ਉੱਤੇ ਕਬਜ਼ਾ ਕਰ ਲਿਆ।
8ਅਗਲੇ ਦਿਨ ਜਦੋਂ ਫ਼ਲਿਸਤੀ ਮੁਰਦਿਆਂ ਨੂੰ ਉਤਾਰਨ ਲਈ ਆਏ ਤਾਂ ਉਹਨਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਨੂੰ ਗਿਲਬੋਆ ਪਹਾੜ ਉੱਤੇ ਡਿੱਗੇ ਹੋਏ ਵੇਖਿਆ।
9ਉਹਨਾਂ ਨੇ ਉਹ ਦੇ ਸ਼ਸਤਰ ਬਸਤਰ ਲਾਹ ਸੁੱਟੇ ਅਤੇ ਉਸ ਦਾ ਸਿਰ ਅਤੇ ਸ਼ਸਤਰ ਬਸਤਰ ਲੈ ਲਿਆ ਅਤੇ ਫ਼ਲਿਸਤੀਆਂ ਦੇ ਸਾਰੇ ਦੇਸ਼ ਵਿੱਚ ਸੰਦੇਸ਼ਵਾਹਕ ਘੱਲੇ ਜੋ ਉਹਨਾਂ ਦੀਆਂ ਮੂਰਤੀਆਂ ਅਤੇ ਉਹਨਾਂ ਦੇ ਲੋਕਾਂ ਵਿੱਚ ਖ਼ਬਰ ਸੁਣਾਉਣ।