1 ਇਤਿਹਾਸ 21

1ਸ਼ੈਤਾਨ ਇਸਰਾਏਲ ਦੇ ਵਿਰੁੱਧ ਭੜਕਿਆ ਅਤੇ ਦਾਵੀਦ ਨੂੰ ਇਸਰਾਏਲ ਦੀ ਮਰਦਮਸ਼ੁਮਾਰੀ ਕਰਨ ਲਈ ਉਕਸਾਇਆ।

2ਤਾਂ ਦਾਵੀਦ ਨੇ ਯੋਆਬ ਅਤੇ ਫ਼ੌਜ ਦੇ ਸਰਦਾਰਾਂ ਨੂੰ ਆਖਿਆ, “ਜਾਓ ਅਤੇ ਬੇਰਸ਼ੇਬਾ ਤੋਂ ਦਾਨ ਤੱਕ ਇਸਰਾਏਲੀਆਂ ਦੀ ਗਿਣਤੀ ਕਰਕੇ ਮੈਨੂੰ ਦੱਸੋ, ਤਾਂ ਜੋ ਮੈਨੂੰ ਪਤਾ ਲੱਗੇ ਕਿ ਉੱਥੇ ਗਿਣਤੀ ਵਿੱਚ ਕਿੰਨੇ ਹਨ।”

3ਪਰ ਯੋਆਬ ਨੇ ਉੱਤਰ ਦਿੱਤਾ, “ਯਾਹਵੇਹ ਆਪਣੀਆਂ ਫ਼ੌਜਾਂ ਨੂੰ ਸੌ ਗੁਣਾ ਵਧਾਵੇ, ਪਰ ਹੇ ਮੇਰੇ ਸੁਆਮੀ ਪਾਤਸ਼ਾਹ, ਕੀ ਉਹ ਸਾਰੇ ਮੇਰੇ ਸੁਆਮੀ ਦੀ ਪਰਜਾ ਦੇ ਦਾਸ ਨਹੀਂ ਹਨ? ਮੇਰਾ ਮਹਾਰਾਜ ਰਾਜਾ ਅਜਿਹਾ ਕਿਉਂ ਕਰਨਾ ਚਾਹੁੰਦਾ ਹੈ? ਉਹ ਇਸਰਾਏਲ ਉੱਤੇ ਦੋਸ਼ ਕਿਉਂ ਲਿਆਵੇ?”

4ਪਰ ਰਾਜੇ ਦੇ ਬਚਨ ਨੇ ਯੋਆਬ ਨੂੰ ਰੱਦ ਕਰ ਦਿੱਤਾ। ਇਸ ਲਈ ਯੋਆਬ ਚਲਾ ਗਿਆ ਅਤੇ ਇਸਰਾਏਲ ਦੇ ਸਾਰੇ ਪਾਸੇ ਗਿਆ ਅਤੇ ਯੇਰੂਸ਼ਲੇਮ ਨੂੰ ਵਾਪਸ ਆਇਆ।

5ਯੋਆਬ ਨੇ ਦਾਵੀਦ ਨੂੰ ਲੜਨ ਵਾਲੇ ਆਦਮੀਆਂ ਦੀ ਗਿਣਤੀ ਦੱਸੀ ਕਿ ਸਾਰੇ ਇਸਰਾਏਲ ਵਿੱਚ ਤਲਵਾਰ ਚਲਾਉਣ ਵਾਲੇ ਗਿਆਰ੍ਹਾਂ ਲੱਖ ਆਦਮੀ ਸਨ, ਯਹੂਦਾਹ ਵਿੱਚ ਚਾਰ ਲੱਖ ਸੱਤਰ ਹਜ਼ਾਰ ਸਨ।

6ਪਰ ਉਸ ਨੇ ਇਨ੍ਹਾਂ ਦੇ ਵਿੱਚ ਲੇਵੀ ਅਤੇ ਬਿਨਯਾਮੀਨ ਦੇ ਲੋਕਾਂ ਦੀ ਗਿਣਤੀ ਨਾ ਕੀਤੀ ਕਿਉਂ ਜੋ ਯੋਆਬ ਨੂੰ ਪਾਤਸ਼ਾਹ ਦੀ ਆਗਿਆ ਅੱਤ ਘਿਣਾਉਣੀ ਲੱਗੀ।

7ਇਹ ਹੁਕਮ ਵੀ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਸੀ, ਇਸ ਲਈ ਉਸ ਨੇ ਇਸਰਾਏਲ ਨੂੰ ਸਜ਼ਾ ਦਿੱਤੀ।

8ਤਦ ਦਾਵੀਦ ਨੇ ਪਰਮੇਸ਼ਵਰ ਨੂੰ ਆਖਿਆ, “ਮੇਰੇ ਕੋਲੋਂ ਵੱਡਾ ਪਾਪ ਹੋਇਆ ਹੈ, ਪਰ ਹੁਣ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਸੇਵਕ ਦੇ ਦੋਸ਼ ਨੂੰ ਦੂਰ ਕਰ, ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ।”

9ਯਾਹਵੇਹ ਨੇ ਦਾਵੀਦ ਦੇ ਅਗੰਮ ਗਿਆਨੀ ਗਾਦ ਨੂੰ ਆਖਿਆ,

10“ਤੂੰ ਜਾ ਅਤੇ ਦਾਵੀਦ ਨੂੰ ਇਸ ਤਰ੍ਹਾਂ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੇਰੇ ਅੱਗੇ ਤਿੰਨ ਬਿਪਤਾਵਾਂ ਰੱਖਦਾ ਹਾਂ, ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ, ਜੋ ਮੈਂ ਤੇਰੇ ਉੱਤੇ ਕਿਹੜੀ ਬਿਪਤਾ ਪਾਵਾਂ।’ ”

11ਤਦ ਗਾਦ ਦਾਵੀਦ ਕੋਲ ਗਿਆ ਅਤੇ ਉਸ ਨੂੰ ਆਖਿਆ, “ਯਾਹਵੇਹ ਇਹ ਆਖਦਾ ਹੈ, ‘ਇਨ੍ਹਾਂ ਵਿੱਚੋਂ ਇੱਕ ਦੀ ਚੋਣ ਕਰ:

12ਤਿੰਨ ਸਾਲ ਦਾ ਕਾਲ, ਜਾਂ ਤਿੰਨ ਮਹੀਨੇ ਤੂੰ ਆਪਣੇ ਵੈਰੀਆਂ ਦੇ ਸਾਹਮਣੇ ਨਾਸ ਹੁੰਦਾ ਜਾਏਂ ਜਦੋਂ ਤੇਰੇ ਵੈਰਿਆਂ ਦੀ ਤਲਵਾਰ ਤੇਰੇ ਉੱਤੇ ਆ ਪਵੇ ਜਾਂ ਤਿੰਨ ਦਿਨਾਂ ਤੱਕ ਯਾਹਵੇਹ ਦੀ ਤਲਵਾਰ ਅਰਥਾਤ ਮਹਾਂਮਰੀ ਦੇਸ ਵਿੱਚ ਹੋਵੇ ਅਤੇ ਯਾਹਵੇਹ ਦਾ ਦੂਤ ਇਸਰਾਏਲ ਦੀ ਸਾਰੀ ਧਰਤੀ ਵਿੱਚ ਨਾਸ ਕਰਦਾ ਰਹੇ।’ ਹੁਣ ਫੈਸਲਾ ਕਰ ਲੈ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕਿ ਜਵਾਬ ਦੇਵਾਂ।”

13ਦਾਵੀਦ ਨੇ ਗਾਦ ਨੂੰ ਆਖਿਆ, “ਮੈਂ ਬਹੁਤ ਦੁਖੀ ਹਾਂ, ਮੈਨੂੰ ਯਾਹਵੇਹ ਦੇ ਹੱਥਾਂ ਵਿੱਚ ਡਿੱਗਣ ਦਿਓ, ਕਿਉਂਕਿ ਉਸਦੀ ਦਇਆ ਬਹੁਤ ਮਹਾਨ ਹੈ, ਪਰ ਮੈਨੂੰ ਮਨੁੱਖਾਂ ਦੇ ਹੱਥਾਂ ਵਿੱਚ ਨਾ ਪੈਣ ਦਿਓ।”

14ਇਸ ਲਈ ਯਾਹਵੇਹ ਨੇ ਇਸਰਾਏਲ ਉੱਤੇ ਇੱਕ ਮਹਾਂਮਾਰੀ ਭੇਜੀ ਅਤੇ ਇਸਰਾਏਲ ਦੇ ਸੱਤਰ ਹਜ਼ਾਰ ਮਨੁੱਖ ਮਾਰੇ ਗਏ।

15ਅਤੇ ਪਰਮੇਸ਼ਵਰ ਨੇ ਯੇਰੂਸ਼ਲੇਮ ਨੂੰ ਨਾਸ਼ ਕਰਨ ਲਈ ਇੱਕ ਦੂਤ ਭੇਜਿਆ। ਪਰ ਜਿਵੇਂ ਹੀ ਦੂਤ ਅਜਿਹਾ ਕਰ ਰਿਹਾ ਸੀ, ਯਾਹਵੇਹ ਨੇ ਇਹ ਦੇਖਿਆ ਅਤੇ ਤਬਾਹੀ ਬਾਰੇ ਸੋਚਿਆ ਅਤੇ ਉਸ ਨੇ ਦੂਤ ਨੂੰ ਕਿਹਾ ਜੋ ਲੋਕਾਂ ਨੂੰ ਤਬਾਹ ਕਰ ਰਿਹਾ ਸੀ, “ਬਹੁਤ ਹੋ ਗਿਆ! ਆਪਣਾ ਹੱਥ ਵਾਪਸ ਖਿੱਚ ਲੈ।” ਯਾਹਵੇਹ ਦਾ ਦੂਤ ਉਸ ਸਮੇਂ ਯਬੂਸੀ ਅਰੌਨਾਹ ਦੇ ਪਿੜ ਵਿੱਚ ਖੜ੍ਹਾ ਸੀ।

16ਦਾਵੀਦ ਨੇ ਉੱਪਰ ਤੱਕਿਆ ਅਤੇ ਯਾਹਵੇਹ ਦੇ ਦੂਤ ਨੂੰ ਅਕਾਸ਼ ਅਤੇ ਧਰਤੀ ਦੇ ਵਿਚਕਾਰ ਖੜ੍ਹਾ ਦੇਖਿਆ, ਹੱਥ ਵਿੱਚ ਇੱਕ ਖਿੱਚੀ ਹੋਈ ਤਲਵਾਰ ਯੇਰੂਸ਼ਲੇਮ ਉੱਤੇ ਚੁੱਕੀ ਹੋਈ ਸੀ। ਤਦ ਦਾਵੀਦ ਅਤੇ ਬਜ਼ੁਰਗ, ਤੱਪੜ ਪਹਿਨੇ ਹੋਏ, ਝੁਕ ਗਏ।

17ਦਾਵੀਦ ਨੇ ਪਰਮੇਸ਼ਵਰ ਦੇ ਅੱਗੇ ਬੇਨਤੀ ਕਰ ਕੇ ਆਖਿਆ, “ਕੀ ਮੈਂ ਹੀ ਇਹ ਆਗਿਆ ਨਹੀਂ ਦਿੱਤੀ ਸੀ, ਜੋ ਲੋਕਾਂ ਦੀ ਗਿਣਤੀ ਕੀਤੀ ਜਾਵੇ? ਪਾਪ ਤਾਂ ਮੈਂ ਕੀਤਾ ਹੈ ਮੈਂ ਆਜੜੀ ਨੇ ਗਲਤ ਕੀਤਾ ਹੈ, ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼ ਹੈ? ਉਨ੍ਹਾਂ ਨੇ ਕੀ ਕੀਤਾ ਹੈ ਹੇ ਯਾਹਵੇਹ ਮੇਰੇ ਪਰਮੇਸ਼ਵਰ, ਆਪਣਾ ਹੱਥ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਚਲਾ, ਨਾ ਕਿ ਤੇਰੇ ਲੋਕਾਂ ਉੱਤੇ, ਜੋ ਓਹ ਬਵਾ ਵਿੱਚ ਫਸ ਜਾਣ।”

18ਤਦ ਯਾਹਵੇਹ ਦੇ ਦੂਤ ਨੇ ਗਾਦ ਨੂੰ ਹੁਕਮ ਦਿੱਤਾ ਕਿ ਉਹ ਦਾਵੀਦ ਨੂੰ ਆਖੇ ਕਿ ਉੱਪਰ ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਾਹਵੇਹ ਲਈ ਇੱਕ ਜਗਵੇਦੀ ਬਣਾ।

19ਇਸ ਲਈ ਦਾਵੀਦ ਉਸ ਬਚਨ ਨੂੰ ਮੰਨਣ ਲਈ ਉੱਪਰ ਗਿਆ ਜੋ ਗਾਦ ਨੇ ਯਾਹਵੇਹ ਦੇ ਨਾਮ ਉੱਤੇ ਬੋਲਿਆ ਸੀ।

20ਅਰੌਨਾਹ ਨੇ ਪਿੱਛੇ ਮੁੜ ਕੇ ਦੂਤ ਨੂੰ ਦੇਖਿਆ ਅਤੇ ਉਸ ਦੇ ਚੌਹਾਂ ਪੁੱਤਰਾਂ ਨੇ ਉਹ ਦੇ ਨਾਲ ਆਪਣੇ ਆਪ ਨੂੰ ਲੁਕਾ ਲਿਆ, ਉਸ ਵੇਲੇ ਆਰਨਾਨ ਕਣਕ ਝਾੜ ਰਿਹਾ ਸੀ।

21ਜਦੋਂ ਦਾਵੀਦ ਅਰਵਨਾਹ ਦੇ ਕੋਲ ਪਹੁੰਚਿਆ, ਤਾਂ ਅਰਵਨਾਹ ਨੇ ਨਿਗਾਹ ਕੀਤੀ ਅਤੇ ਵੇਖਿਆ, ਅਤੇ ਪਿੜ ਤੋਂ ਬਾਹਰ ਜਾ ਕੇ ਦਾਵੀਦ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ।

22ਦਾਵੀਦ ਨੇ ਅਰੌਨਾਹ ਨੂੰ ਆਖਿਆ, ਮੈਨੂੰ ਆਪਣੇ ਪਿੜ ਦੀ ਜਗ੍ਹਾ ਦਿਓ ਤਾਂ ਜੋ ਮੈਂ ਯਾਹਵੇਹ ਲਈ ਇੱਕ ਜਗਵੇਦੀ ਬਣਾਵਾਂ ਤਾਂ ਜੋ ਲੋਕਾਂ ਉੱਤੋਂ ਬਿਪਤਾ ਬੰਦ ਹੋ ਜਾਵੇ। ਇਸ ਨੂੰ ਮੈਨੂੰ ਪੂਰੀ ਕੀਮਤ ਉੱਤੇ ਵੇਚ ਦੇ।

23ਅਰੌਨਾਹ ਨੇ ਦਾਵੀਦ ਨੂੰ ਆਖਿਆ, “ਲੈ ਲਓ! ਮੇਰੇ ਸੁਆਮੀ ਪਾਤਸ਼ਾਹ ਨੂੰ ਜੋ ਕੁਝ ਚੰਗਾ ਲੱਗਦਾ ਹੈ, ਉਹੀ ਕਰੇ। ਵੇਖੋ, ਮੈਂ ਬਲਦ ਹੋਮ ਦੀ ਭੇਟ ਲਈ, ਪਿੜ ਦੀ ਲੱਕੜੀ ਲਈ, ਅਤੇ ਅਨਾਜ ਦੀ ਭੇਟ ਲਈ ਕਣਕ ਦਿਆਂਗਾ। ਮੈਂ ਇਹ ਸਭ ਦਿਆਂਗਾ।”

24ਪਰ ਦਾਵੀਦ ਰਾਜੇ ਨੇ ਅਰੌਨਾਹ ਨੂੰ ਜਵਾਬ ਦਿੱਤਾ, ਨਹੀਂ, ਸੱਚ-ਮੁੱਚ ਮੈਂ ਤਾਂ ਉਹ ਦਾ ਪੂਰਾ ਮੁੱਲ ਦੇ ਕੇ ਹੀ ਉਸ ਨੂੰ ਖਰੀਦਾਂਗਾ ਕਿਉਂ ਜੋ ਮੈਂ ਯਾਹਵੇਹ ਦੇ ਲਈ ਤੇਰਾ ਮਾਲ ਨਹੀਂ ਲਵਾਂਗਾ, ਨਾ ਮੁੱਲ ਤੋਂ ਬਿਨਾਂ ਹੋਮ ਬਲੀ ਚੜ੍ਹਾਵਾਂਗਾ।

25ਇਸ ਲਈ ਦਾਵੀਦ ਨੇ ਅਰੌਨਾਹ ਨੂੰ ਜਗ੍ਹਾ ਲਈ ਛੇ ਸੌ ਸ਼ੈਕੇਲ ਸੋਨਾ ਦਿੱਤਾ।

26ਦਾਵੀਦ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਉਸਨੇ ਯਾਹਵੇਹ ਨੂੰ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਹੋਮ ਬਲੀ ਦੀ ਜਗਵੇਦੀ ਉੱਤੇ ਸਵਰਗ ਤੋਂ ਅੱਗ ਨਾਲ ਜਵਾਬ ਦਿੱਤਾ।

27ਤਦ ਯਾਹਵੇਹ ਨੇ ਦੂਤ ਨਾਲ ਗੱਲ ਕੀਤੀ ਅਤੇ ਉਸ ਨੇ ਆਪਣੀ ਤਲਵਾਰ ਫੇਰ ਮਿਆਨ ਵਿੱਚ ਪਾ ਲਈ।

28ਉਸ ਸਮੇਂ ਜਦੋਂ ਦਾਵੀਦ ਨੇ ਵੇਖਿਆ ਕਿ ਯਾਹਵੇਹ ਨੇ ਯਬੂਸੀ ਅਰੌਨਾਹ ਦੇ ਪਿੜ ਵਿੱਚ ਉਸ ਨੂੰ ਉੱਤਰ ਦਿੱਤਾ ਹੈ ਤਾਂ ਉਸ ਨੇ ਉੱਥੇ ਬਲੀਆਂ ਚੜ੍ਹਾਈਆਂ।

29ਯਾਹਵੇਹ ਦਾ ਤੰਬੂ, ਜਿਸ ਨੂੰ ਮੋਸ਼ੇਹ ਨੇ ਉਜਾੜ ਵਿੱਚ ਬਣਾਇਆ ਸੀ, ਅਤੇ ਹੋਮ ਬਲੀ ਦੀ ਜਗਵੇਦੀ ਉਸ ਸਮੇਂ ਗਿਬਓਨ ਦੇ ਉੱਚੇ ਸਥਾਨ ਉੱਤੇ ਸੀ।

30ਪਰ ਦਾਵੀਦ ਪਰਮੇਸ਼ਵਰ ਤੋਂ ਪੁੱਛਣ ਲਈ ਉਸ ਦੇ ਅੱਗੇ ਨਾ ਜਾ ਸਕਿਆ ਕਿਉਂਕਿ ਉਹ ਯਾਹਵੇਹ ਦੇ ਦੂਤ ਦੀ ਤਲਵਾਰ ਤੋਂ ਡਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.