11ਤਦ ਗਾਦ ਦਾਵੀਦ ਕੋਲ ਗਿਆ ਅਤੇ ਉਸ ਨੂੰ ਆਖਿਆ, “ਯਾਹਵੇਹ ਇਹ ਆਖਦਾ ਹੈ, ‘ਇਨ੍ਹਾਂ ਵਿੱਚੋਂ ਇੱਕ ਦੀ ਚੋਣ ਕਰ:
12ਤਿੰਨ ਸਾਲ ਦਾ ਕਾਲ, ਜਾਂ ਤਿੰਨ ਮਹੀਨੇ ਤੂੰ ਆਪਣੇ ਵੈਰੀਆਂ ਦੇ ਸਾਹਮਣੇ ਨਾਸ ਹੁੰਦਾ ਜਾਏਂ ਜਦੋਂ ਤੇਰੇ ਵੈਰਿਆਂ ਦੀ ਤਲਵਾਰ ਤੇਰੇ ਉੱਤੇ ਆ ਪਵੇ ਜਾਂ ਤਿੰਨ ਦਿਨਾਂ ਤੱਕ ਯਾਹਵੇਹ ਦੀ ਤਲਵਾਰ ਅਰਥਾਤ ਮਹਾਂਮਰੀ ਦੇਸ ਵਿੱਚ ਹੋਵੇ ਅਤੇ ਯਾਹਵੇਹ ਦਾ ਦੂਤ ਇਸਰਾਏਲ ਦੀ ਸਾਰੀ ਧਰਤੀ ਵਿੱਚ ਨਾਸ ਕਰਦਾ ਰਹੇ।’ ਹੁਣ ਫੈਸਲਾ ਕਰ ਲੈ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕਿ ਜਵਾਬ ਦੇਵਾਂ।”
13ਦਾਵੀਦ ਨੇ ਗਾਦ ਨੂੰ ਆਖਿਆ, “ਮੈਂ ਬਹੁਤ ਦੁਖੀ ਹਾਂ, ਮੈਨੂੰ ਯਾਹਵੇਹ ਦੇ ਹੱਥਾਂ ਵਿੱਚ ਡਿੱਗਣ ਦਿਓ, ਕਿਉਂਕਿ ਉਸਦੀ ਦਇਆ ਬਹੁਤ ਮਹਾਨ ਹੈ, ਪਰ ਮੈਨੂੰ ਮਨੁੱਖਾਂ ਦੇ ਹੱਥਾਂ ਵਿੱਚ ਨਾ ਪੈਣ ਦਿਓ।”
14ਇਸ ਲਈ ਯਾਹਵੇਹ ਨੇ ਇਸਰਾਏਲ ਉੱਤੇ ਇੱਕ ਮਹਾਂਮਾਰੀ ਭੇਜੀ ਅਤੇ ਇਸਰਾਏਲ ਦੇ ਸੱਤਰ ਹਜ਼ਾਰ ਮਨੁੱਖ ਮਾਰੇ ਗਏ।
15ਅਤੇ ਪਰਮੇਸ਼ਵਰ ਨੇ ਯੇਰੂਸ਼ਲੇਮ ਨੂੰ ਨਾਸ਼ ਕਰਨ ਲਈ ਇੱਕ ਦੂਤ ਭੇਜਿਆ। ਪਰ ਜਿਵੇਂ ਹੀ ਦੂਤ ਅਜਿਹਾ ਕਰ ਰਿਹਾ ਸੀ, ਯਾਹਵੇਹ ਨੇ ਇਹ ਦੇਖਿਆ ਅਤੇ ਤਬਾਹੀ ਬਾਰੇ ਸੋਚਿਆ ਅਤੇ ਉਸ ਨੇ ਦੂਤ ਨੂੰ ਕਿਹਾ ਜੋ ਲੋਕਾਂ ਨੂੰ ਤਬਾਹ ਕਰ ਰਿਹਾ ਸੀ, “ਬਹੁਤ ਹੋ ਗਿਆ! ਆਪਣਾ ਹੱਥ ਵਾਪਸ ਖਿੱਚ ਲੈ।” ਯਾਹਵੇਹ ਦਾ ਦੂਤ ਉਸ ਸਮੇਂ ਯਬੂਸੀ ਅਰੌਨਾਹ ਦੇ ਪਿੜ ਵਿੱਚ ਖੜ੍ਹਾ ਸੀ।