1 ਇਤਿਹਾਸ 22

1ਤਦ ਦਾਵੀਦ ਨੇ ਆਖਿਆ, “ਯਾਹਵੇਹ ਦਾ ਘਰ ਅਤੇ ਇਸਰਾਏਲ ਲਈ ਹੋਮ ਬਲੀ ਦੀ ਜਗਵੇਦੀ ਵੀ ਇੱਥੇ ਹੋਵੇਗੀ।”

2ਇਸ ਲਈ ਦਾਵੀਦ ਨੇ ਇਸਰਾਏਲ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਇਕੱਠਾ ਕਰਨ ਦਾ ਹੁਕਮ ਦਿੱਤਾ ਅਤੇ ਉਹਨਾਂ ਵਿੱਚੋਂ ਪੱਥਰ ਕੱਟਣ ਵਾਲਿਆਂ ਨੂੰ ਪਰਮੇਸ਼ਵਰ ਦੇ ਭਵਨ ਦੀ ਉਸਾਰੀ ਲਈ ਪੱਥਰ ਤਿਆਰ ਕਰਨ ਲਈ ਨਿਯੁਕਤ ਕੀਤਾ।

3ਅਤੇ ਦਾਵੀਦ ਨੇ ਬੂਹਿਆਂ ਦੀਆਂ ਚੁਗਾਠਾਂ ਦੇ ਲਈ ਕਿੱਲਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ ਸੀ, ਕਿਉਂਕਿ ਪਿੱਤਲ ਢੇਰ ਸਾਰਾ ਸੀ।

4ਉਸ ਨੇ ਬੇਅੰਤ ਦਿਆਰ ਦੀਆਂ ਲੱਕੜਾਂ ਇਕੱਠੀ ਕੀਤੀਆਂ, ਕਿਉਂ ਜੋ ਸੀਦੋਨੀ ਅਤੇ ਸੂਰ ਦੇ ਲੋਕ ਦਾਵੀਦ ਦੇ ਕੋਲ ਵੱਡੀ ਗਿਣਤੀ ਵਿੱਚ ਦਿਆਰ ਦੀ ਲੱਕੜੀ ਲਿਆਏ ਸਨ।

5ਦਾਵੀਦ ਨੇ ਕਿਹਾ, “ਮੇਰਾ ਪੁੱਤਰ ਸ਼ਲੋਮੋਨ ਅਜੇ ਤਾਂ ਨਿਆਣਾ ਅਤੇ ਅਨੁਭਵਹੀਣ ਹੈ ਅਤੇ ਯਾਹਵੇਹ ਦੇ ਲਈ ਬਣਾਇਆ ਜਾਣ ਵਾਲਾ ਘਰ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਬਹੁਤ ਸ਼ਾਨਦਾਰ, ਪ੍ਰਤਾਪੀ ਅਤੇ ਸ਼ਾਨ ਵਾਲਾ ਹੋਣਾ ਚਾਹੀਦਾ ਹੈ, ਇਸ ਲਈ ਮੈਂ ਇਸ ਦੀਆਂ ਤਿਆਰੀਆਂ ਆਪ ਹੀ ਕਰਾਂਗਾ।” ਇਸ ਲਈ ਦਾਵੀਦ ਨੇ ਆਪਣੀ ਮੌਤ ਤੋਂ ਪਹਿਲਾਂ ਬਹੁਤ ਜ਼ਿਆਦਾ ਤਿਆਰੀਆਂ ਕੀਤੀਆਂ।

6ਤਦ ਉਸ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਬੁਲਾਇਆ ਅਤੇ ਉਸ ਨੂੰ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਲਈ ਇੱਕ ਘਰ ਬਣਾਉਣ ਲਈ ਕਿਹਾ।

7ਦਾਵੀਦ ਨੇ ਸ਼ਲੋਮੋਨ ਨੂੰ ਆਖਿਆ, “ਹੇ ਮੇਰੇ ਪੁੱਤਰ, ਮੇਰੇ ਦਿਲ ਵਿੱਚ ਇਹ ਸੋਚ ਸੀ ਕਿ ਮੈਂ ਆਪਣੇ ਪਰਮੇਸ਼ਵਰ ਯਾਹਵੇਹ ਦੇ ਨਾਮ ਲਈ ਇੱਕ ਘਰ ਬਣਾਵਾਂ।

8ਪਰ ਯਾਹਵੇਹ ਦਾ ਇਹ ਬਚਨ ਮੇਰੇ ਕੋਲ ਆਇਆ, ‘ਤੂੰ ਬਹੁਤ ਖੂਨ ਵਹਾਇਆ ਹੈ ਅਤੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਹਨ, ਤੂੰ ਮੇਰੇ ਨਾਮ ਲਈ ਕੋਈ ਘਰ ਨਾ ਬਣਾਵੇਂਗਾ ਕਿਉਂਕਿ ਤੂੰ ਮੇਰੀ ਨਜ਼ਰ ਵਿੱਚ ਧਰਤੀ ਉੱਤੇ ਬਹੁਤ ਖੂਨ ਵਹਾਇਆ ਹੈ।

9ਪਰ ਤੇਰੇ ਕੋਲ ਇੱਕ ਪੁੱਤਰ ਹੋਵੇਗਾ ਜੋ ਸ਼ਾਂਤੀ ਅਤੇ ਅਰਾਮ ਦਾ ਮਨੁੱਖ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਸਾਰੇ ਵੈਰੀਆਂ ਤੋਂ ਹਰ ਪਾਸਿਓਂ ਅਰਾਮ ਦਿਆਂਗਾ। ਉਸਦਾ ਨਾਮ ਸ਼ਲੋਮੋਨ ਹੋਵੇਗਾ, ਅਤੇ ਮੈਂ ਉਸਦੇ ਰਾਜ ਦੌਰਾਨ ਇਸਰਾਏਲ ਨੂੰ ਸ਼ਾਂਤੀ ਅਤੇ ਮੇਲ-ਮਿਲਾਪ ਬਖ਼ਸ਼ਾਂਗਾ।

10ਉਹੀ ਹੈ ਜੋ ਮੇਰੇ ਨਾਮ ਲਈ ਇੱਕ ਘਰ ਬਣਾਵੇਗਾ। ਉਹ ਮੇਰਾ ਪੁੱਤਰ ਹੋਵੇਗਾ, ਅਤੇ ਮੈਂ ਉਸਦਾ ਪਿਤਾ ਹੋਵਾਂਗਾ ਅਤੇ ਮੈਂ ਉਸ ਦੇ ਰਾਜ ਦਾ ਸਿੰਘਾਸਣ ਇਸਰਾਏਲ ਉੱਤੇ ਸਦਾ ਲਈ ਕਾਇਮ ਕਰਾਂਗਾ।’

11“ਹੁਣ, ਹੇ ਮੇਰੇ ਪੁੱਤਰ, ਯਾਹਵੇਹ ਤੇਰੇ ਅੰਗ-ਸੰਗ ਹੋਵੇ, ਅਤੇ ਤੂੰ ਸਫ਼ਲ ਹੋਵੇ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦਾ ਘਰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ।

12ਜਦੋਂ ਯਾਹਵੇਹ ਕੇਵਲ ਤੈਨੂੰ ਬੁੱਧ ਅਤੇ ਸਮਝ ਦੇਵੇ ਅਤੇ ਇਸਰਾਏਲ ਦੇ ਲਈ ਤੈਨੂੰ ਖ਼ਾਸ ਆਗਿਆ ਦੇਵੇ, ਤਾਂ ਜੋ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਿਵਸਥਾ ਦੀ ਪਾਲਨਾ ਕਰੇ।

13ਤੂੰ ਤਦ ਸਫ਼ਲ ਹੋਵੇਂਗਾ ਜੇਕਰ ਤੂੰ ਉਹਨਾਂ ਬਿਧੀਆਂ ਅਤੇ ਬਿਵਸਥਾ ਦੇ ਅਨੁਸਾਰ ਚੱਲੇਂਗਾ, ਜਿਹੜੀਆਂ ਯਾਹਵੇਹ ਨੇ ਇਸਰਾਏਲ ਦੇ ਲਈ ਮੋਸ਼ੇਹ ਨੂੰ ਆਗਿਆ ਦਿੱਤੀਆਂ ਸਨ। ਤਕੜਾ ਹੋ ਅਤੇ ਉਤਸ਼ਾਹ ਰੱਖ, ਨਾ ਡਰ ਅਤੇ ਨਾ ਘਬਰਾ।

14“ਵੇਖ, ਮੈਂ ਆਪਣੀ ਕਸ਼ਟ ਦੀ ਦਸ਼ਾ ਵਿੱਚ ਯਾਹਵੇਹ ਦੇ ਮੰਦਰ ਲਈ ਇੱਕ ਲੱਖ ਤੋੜਾ ਸੋਨਾ ਅਤੇ ਦਸ ਲੱਖ ਤੋੜਾ ਚਾਂਦੀ ਅਤੇ ਹੱਦੋਂ ਵੱਧ ਪਿੱਤਲ ਅਤੇ ਲੋਹਾ ਇਕੱਠਾ ਕੀਤਾ, ਜੋ ਉਹ ਤਾਂ ਬਹੁਤਾਇਤ ਨਾਲ ਹੈ, ਅਤੇ ਲੱਕੜ ਅਤੇ ਪੱਥਰ ਨੂੰ ਵੀ ਤਿਆਰ ਕੀਤਾ, ਤਾਂ ਤੂੰ ਉਨ੍ਹਾਂ ਨੂੰ ਹੋਰ ਵਾਧਾ ਕਰ ਸਕੇਂ।

15ਤੇਰੇ ਕੋਲ ਬਹੁਤ ਸਾਰੇ ਕਾਰੀਗਰ ਵੀ ਹਨ, ਅਰਥਾਤ ਪੱਥਰ ਘੜਨ ਵਾਲੇ, ਪੱਥਰ ਤੋੜਨ ਵਾਲੇ ਅਤੇ ਤਰਖਾਣ, ਸਭ ਤਰ੍ਹਾਂ ਦੇ ਕਾਰੀਗਰ ਹਰੇਕ ਕੰਮ ਦੇ ਲਈ ਤੇਰੇ ਕੋਲ ਹਨ।

16ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਦੀ ਤਾਂ ਗਿਣਤੀ ਹੀ ਨਹੀਂ, ਉੱਠ ਖੜਾ ਹੋ, ਲੱਕ ਬੰਨ ਕੇ ਕੰਮ ਕਰ, ਯਾਹਵੇਹ ਤੇਰੇ ਅੰਗ-ਸੰਗ ਹੋਵੇ।”

17ਤਦ ਦਾਵੀਦ ਨੇ ਇਸਰਾਏਲ ਦੇ ਸਾਰੇ ਆਗੂਆਂ ਨੂੰ ਆਪਣੇ ਪੁੱਤਰ ਸ਼ਲੋਮੋਨ ਦੀ ਸਹਾਇਤਾ ਕਰਨ ਦਾ ਹੁਕਮ ਦਿੱਤਾ।

18ਉਸ ਨੇ ਉਹਨਾਂ ਨੂੰ ਆਖਿਆ, “ਕੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਨਹੀਂ ਹੈ? ਅਤੇ ਕੀ ਉਸ ਨੇ ਤੁਹਾਨੂੰ ਹਰ ਪਾਸੇ ਆਰਾਮ ਨਹੀਂ ਦਿੱਤਾ? ਕਿਉਂਕਿ ਉਸਨੇ ਧਰਤੀ ਦੇ ਵਾਸੀਆਂ ਨੂੰ ਮੇਰੇ ਹੱਥਾਂ ਵਿੱਚ ਦੇ ਦਿੱਤਾ ਹੈ, ਅਤੇ ਧਰਤੀ ਯਾਹਵੇਹ ਅਤੇ ਉਸਦੇ ਲੋਕਾਂ ਦੇ ਅਧੀਨ ਹੈ।

19ਹੁਣ ਆਪਣੇ ਮਨ ਅਤੇ ਆਤਮਾ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭਾਲਣ ਲਈ ਸਮਰਪਿਤ ਕਰ। ਯਾਹਵੇਹ ਪਰਮੇਸ਼ਵਰ ਦੇ ਅਸਥਾਨ ਨੂੰ ਬਣਾਉਣਾ ਸ਼ੁਰੂ ਕਰ, ਤਾਂ ਜੋ ਤੁਸੀਂ ਯਾਹਵੇਹ ਦੇ ਨੇਮ ਦੇ ਸੰਦੂਕ ਅਤੇ ਪਰਮੇਸ਼ਵਰ ਨਾਲ ਸਬੰਧਤ ਪਵਿੱਤਰ ਵਸਤੂਆਂ ਨੂੰ ਮੰਦਰ ਵਿੱਚ ਲਿਆ ਸਕੋ ਜੋ ਯਾਹਵੇਹ ਦੇ ਨਾਮ ਲਈ ਬਣਾਇਆ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.