3ਅਤੇ ਦਾਵੀਦ ਨੇ ਬੂਹਿਆਂ ਦੀਆਂ ਚੁਗਾਠਾਂ ਦੇ ਲਈ ਕਿੱਲਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ ਸੀ, ਕਿਉਂਕਿ ਪਿੱਤਲ ਢੇਰ ਸਾਰਾ ਸੀ।
4ਉਸ ਨੇ ਬੇਅੰਤ ਦਿਆਰ ਦੀਆਂ ਲੱਕੜਾਂ ਇਕੱਠੀ ਕੀਤੀਆਂ, ਕਿਉਂ ਜੋ ਸੀਦੋਨੀ ਅਤੇ ਸੂਰ ਦੇ ਲੋਕ ਦਾਵੀਦ ਦੇ ਕੋਲ ਵੱਡੀ ਗਿਣਤੀ ਵਿੱਚ ਦਿਆਰ ਦੀ ਲੱਕੜੀ ਲਿਆਏ ਸਨ।
5ਦਾਵੀਦ ਨੇ ਕਿਹਾ, “ਮੇਰਾ ਪੁੱਤਰ ਸ਼ਲੋਮੋਨ ਅਜੇ ਤਾਂ ਨਿਆਣਾ ਅਤੇ ਅਨੁਭਵਹੀਣ ਹੈ ਅਤੇ ਯਾਹਵੇਹ ਦੇ ਲਈ ਬਣਾਇਆ ਜਾਣ ਵਾਲਾ ਘਰ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਬਹੁਤ ਸ਼ਾਨਦਾਰ, ਪ੍ਰਤਾਪੀ ਅਤੇ ਸ਼ਾਨ ਵਾਲਾ ਹੋਣਾ ਚਾਹੀਦਾ ਹੈ, ਇਸ ਲਈ ਮੈਂ ਇਸ ਦੀਆਂ ਤਿਆਰੀਆਂ ਆਪ ਹੀ ਕਰਾਂਗਾ।” ਇਸ ਲਈ ਦਾਵੀਦ ਨੇ ਆਪਣੀ ਮੌਤ ਤੋਂ ਪਹਿਲਾਂ ਬਹੁਤ ਜ਼ਿਆਦਾ ਤਿਆਰੀਆਂ ਕੀਤੀਆਂ।
6ਤਦ ਉਸ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਬੁਲਾਇਆ ਅਤੇ ਉਸ ਨੂੰ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਲਈ ਇੱਕ ਘਰ ਬਣਾਉਣ ਲਈ ਕਿਹਾ।
7ਦਾਵੀਦ ਨੇ ਸ਼ਲੋਮੋਨ ਨੂੰ ਆਖਿਆ, “ਹੇ ਮੇਰੇ ਪੁੱਤਰ, ਮੇਰੇ ਦਿਲ ਵਿੱਚ ਇਹ ਸੋਚ ਸੀ ਕਿ ਮੈਂ ਆਪਣੇ ਪਰਮੇਸ਼ਵਰ ਯਾਹਵੇਹ ਦੇ ਨਾਮ ਲਈ ਇੱਕ ਘਰ ਬਣਾਵਾਂ।