1ਤਦ ਰਾਜਾ ਦਾਵੀਦ ਨੇ ਸਾਰੀ ਸਭਾ ਨੂੰ ਆਖਿਆ, “ਮੇਰਾ ਪੁੱਤਰ ਸ਼ਲੋਮੋਨ, ਜਿਸ ਨੂੰ ਪਰਮੇਸ਼ਵਰ ਨੇ ਚੁਣਿਆ ਹੈ, ਜਵਾਨ ਅਤੇ ਘੱਟ ਤਜਰਬੇਕਾਰ ਦਾ ਹੈ। ਕੰਮ ਬਹੁਤ ਵੱਡਾ ਹੈ, ਕਿਉਂ ਜੋ ਉਹ ਭਵਨ ਮਨੁੱਖ ਦੇ ਲਈ ਨਹੀਂ ਸਗੋਂ ਯਾਹਵੇਹ ਪਰਮੇਸ਼ਵਰ ਦੇ ਲਈ ਹੋਵੇਗਾ।
2ਮੈਂ ਤਾਂ ਆਪਣੀ ਸਾਰੀ ਸ਼ਕਤੀ ਨਾਲ ਆਪਣੇ ਪਰਮੇਸ਼ਵਰ ਦੀ ਹੈਕਲ ਦੇ ਲਈ ਤਿਆਰੀ ਕੀਤੀ ਹੈ, ਸੋਨੇ ਦੀਆਂ ਵਸਤਾਂ ਦੇ ਲਈ ਸੋਨਾ, ਚਾਂਦੀ ਦੀਆਂ ਵਸਤਾਂ ਦੇ ਲਈ ਚਾਂਦੀ, ਪਿੱਤਲ ਦੀਆਂ ਵਸਤਾਂ ਦੇ ਲਈ ਪਿੱਤਲ, ਲੋਹੇ ਵਾਲੀਆਂ ਵਸਤਾਂ ਲਈ ਲੋਹਾ, ਲੱਕੜ ਗੜ੍ਹਾਂ ਦੇ ਲਈ ਲੱਕੜ, ਬਲੌਰੀ ਪੱਥਰ, ਜੜਨ ਘੜਨ ਲਈ ਭਾਂਤ-ਭਾਂਤ ਦੇ ਰੰਗੀਲੇ ਪੱਥਰ, ਹਰੇਕ ਪਰਕਾਰ ਦੇ ਅਨਮੋਲ ਪੱਥਰ ਅਤੇ ਬੇਅੰਤ ਚਿੱਟੇ ਪੱਥਰ ਤਿਆਰ ਕੀਤੇ।
3ਇਸ ਤੋਂ ਇਲਾਵਾ, ਮੈਂ ਆਪਣਾ ਮਨ ਆਪਣੇ ਪਰਮੇਸ਼ਵਰ ਦੇ ਭਵਨ ਉੱਤੇ ਲਾਇਆ ਹੈ, ਇਸ ਲਈ ਮੈਂ ਇਸ ਤੋਂ ਇਲਾਵਾ ਜੋ ਮੈਂ ਪਵਿੱਤਰ ਸਥਾਨ ਦੇ ਲਈ ਤਿਆਰ ਕਰ ਛੱਡਿਆ, ਮੈਂ ਆਪਣੇ ਨਿੱਜ ਧਨ ਵਿੱਚੋਂ ਆਪਣੇ ਪਰਮੇਸ਼ਵਰ ਦੇ ਘਰ ਲਈ ਸੋਨਾ ਅਤੇ ਚਾਂਦੀ ਦਿੰਦਾ ਹਾਂ:
4ਤਿੰਨ ਹਜ਼ਾਰ ਤੋੜੇ ਸੋਨਾ (ਓਫੀਰ ਦਾ ਸੋਨਾ) ਅਤੇ ਸੱਤ ਹਜ਼ਾਰ ਤੋੜੇ ਸ਼ੁੱਧ ਚਾਂਦੀ, ਇਮਾਰਤਾਂ ਦੀਆਂ ਕੰਧਾਂ ਤੇ ਮੜ੍ਹਨ ਲਈ,
5ਸੋਨੇ ਦੇ ਕੰਮ ਲਈ ਅਤੇ ਚਾਂਦੀ ਦੇ ਕੰਮ ਲਈ ਅਤੇ ਕਾਰੀਗਰਾਂ ਦੁਆਰਾ ਕੀਤੇ ਜਾਣ ਵਾਲੇ ਸਾਰੇ ਕੰਮ ਲਈ। ਹੁਣ, ਅੱਜ ਕੌਣ ਆਪਣੇ ਆਪ ਨੂੰ ਯਾਹਵੇਹ ਲਈ ਸਮਰਪਿਤ ਕਰਨ ਲਈ ਤਿਆਰ ਹੈ?”
6ਤਦ ਘਰਾਣਿਆਂ ਦੇ ਸਰਦਾਰਾਂ ਨੇ, ਇਸਰਾਏਲ ਦੇ ਗੋਤਾਂ ਦੇ ਸਰਦਾਰਾਂ, ਹਜ਼ਾਰਾਂ ਦੇ ਸਰਦਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਅਤੇ ਰਾਜੇ ਦੇ ਕੰਮ ਦੇ ਮੁਖੀਆਂ ਨੇ ਖੁਸ਼ੀ ਨਾਲ ਦਿੱਤਾ।
7ਅਤੇ ਉਨ੍ਹਾਂ ਨੇ ਪਰਮੇਸ਼ਵਰ ਦੇ ਭਵਨ ਦੀ ਟਹਿਲ ਸੇਵਾ ਲਈ ਇੱਕ ਸੌ ਅਠਾਸੀ ਟਨ ਸੋਨਾ ਅਤੇ ਦਸ ਹਜ਼ਾਰ ਮੋਹਰਾਂ ਅਤੇ ਲਗਭਗ ਤਿੰਨ ਸੌ ਪੰਝੱਤਰ ਟਨ ਚਾਂਦੀ ਅਤੇ ਛੇ ਸੌ ਪੰਝੱਤਰ ਟਨ ਪਿੱਤਲ ਅਤੇ ਤਿੰਨ ਹਜ਼ਾਰ ਸੱਤ ਸੌ ਟਨ ਲੋਹਾ ਦਿੱਤਾ।
8ਜਿਸ ਕਿਸੇ ਕੋਲ ਵੀ ਕੀਮਤੀ ਪੱਥਰ ਸਨ, ਉਹਨਾਂ ਨੇ ਉਹਨਾਂ ਨੂੰ ਗੇਰਸ਼ੋਨੀ ਯਹੀਏਲ ਦੀ ਹਿਰਾਸਤ ਵਿੱਚ ਯਾਹਵੇਹ ਦੇ ਭਵਨ ਦੇ ਖਜ਼ਾਨੇ ਵਿੱਚ ਦੇ ਦਿੱਤੇ।
9ਤਾਂ ਲੋਕਾਂ ਨੇ ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਖੁਸ਼ੀ ਨਾਲ ਭੇਟਾਂ ਦਿੱਤੀਆਂ ਸਨ, ਕਿਉਂ ਜੋ ਸਿੱਧੇ ਮਨ ਨਾਲ ਉਨ੍ਹਾਂ ਨੇ ਯਾਹਵੇਹ ਦੇ ਲਈ ਭੇਟਾਂ ਚੜ੍ਹਾਈਆਂ ਸਨ ਅਤੇ ਦਾਵੀਦ ਪਾਤਸ਼ਾਹ ਨੇ ਵੀ ਬਹੁਤ ਅਨੰਦ ਕੀਤਾ।
10ਦਾਵੀਦ ਨੇ ਸਾਰੀ ਸਭਾ ਦੇ ਸਾਹਮਣੇ ਯਾਹਵੇਹ ਦੀ ਉਸਤਤ ਕਰਦੇ ਹੋਏ ਕਿਹਾ, “ਯਾਹਵੇਹ ਦੀ ਮਹਿਮਾ ਹੋਵੇ ਸਾਡੇ ਪਿਤਾ ਇਸਰਾਏਲ ਦੇ ਪਰਮੇਸ਼ਵਰ, ਤੂੰ ਸਦੀਪਕਾਲ ਤੱਕ ਧੰਨ ਹੋ।
11ਹੇ ਯਾਹਵੇਹ, ਵਡਿਆਈ ਅਤੇ ਸ਼ਕਤੀ ਅਤੇ ਮਹਿਮਾ, ਪਰਤਾਪ ਅਤੇ ਫਤਹਿ ਤੇਰੀ ਹੈ, ਕਿਉਂਕਿ ਅਕਾਸ਼ ਅਤੇ ਧਰਤੀ ਵਿੱਚ ਸਭ ਕੁਝ ਤੇਰਾ ਹੈ। ਹੇ ਯਾਹਵੇਹ, ਰਾਜ ਤੇਰਾ ਹੀ ਹੈ; ਤੂੰ ਸਾਰਿਆਂ ਦੇ ਸਿਰ ਉੱਤੇ ਉੱਚੇ ਤੋਂ ਉੱਚਾ ਹੈ।
12ਦੌਲਤ ਅਤੇ ਇੱਜ਼ਤ ਤੇਰੇ ਵੱਲੋਂ ਆਉਂਦੀ ਹੈ। ਤੂੰ ਸਾਰੀਆਂ ਚੀਜ਼ਾਂ ਦਾ ਹਾਕਮ ਹੈ। ਤੇਰੇ ਹੱਥਾਂ ਵਿੱਚ ਸ਼ਕਤੀ ਅਤੇ ਬਲ ਹੈ ਸਾਰਿਆਂ ਨੂੰ ਉੱਚਾ ਕਰਨ ਅਤੇ ਤਾਕਤ ਦੇਣ ਲਈ।
13ਹੁਣ, ਹੇ ਸਾਡੇ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਉਸਤਤ ਕਰਦੇ ਹਾਂ।
14“ਪਰ ਮੈਂ ਕੌਣ ਹਾਂ ਅਤੇ ਮੇਰੇ ਲੋਕ ਕੌਣ ਹਨ ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾਉਣ ਦੀ ਸ਼ਕਤੀ ਰੱਖੀਏ? ਕਿਉਂ ਜੋ ਸਾਰੀਆਂ ਵਸਤਾਂ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੇਰੇ ਹੱਥ ਦੀ ਦਾਤ ਤੋਂ ਅਸੀਂ ਤੈਨੂੰ ਦਿੱਤਾ ਹੈ।
15ਅਸੀਂ ਤਾਂ ਆਪਣੇ ਪੁਰਖਿਆਂ ਵਾਂਗੂੰ ਤੇਰੇ ਅੱਗੇ ਓਪਰੇ ਅਤੇ ਰਾਹੀ ਹਾਂ, ਧਰਤੀ ਉੱਤੇ ਸਾਡੇ ਦਿਨ ਛਾਂ ਵਾਂਗੂੰ ਹਨ ਅਤੇ ਕੁਝ ਠਿਕਾਣਾ ਹੈ ਨਹੀਂ।
16ਹੇ ਯਾਹਵੇਹ, ਸਾਡੇ ਪਰਮੇਸ਼ਵਰ, ਇਹ ਸਾਰੀ ਬਹੁਤਾਤ ਜੋ ਅਸੀਂ ਤੁਹਾਡੇ ਪਵਿੱਤਰ ਨਾਮ ਲਈ ਇੱਕ ਭਵਨ ਬਣਾਉਣ ਲਈ ਪ੍ਰਦਾਨ ਕੀਤੀ ਹੈ, ਤੁਹਾਡੇ ਹੱਥੋਂ ਆਉਂਦੀ ਹੈ, ਅਤੇ ਇਹ ਸਾਰਾ ਕੁਝ ਤੇਰਾ ਹੈ।
17ਹੇ ਮੇਰੇ ਪਰਮੇਸ਼ਵਰ, ਮੈਂ ਜਾਣਦਾ ਹਾਂ ਕਿ ਤੂੰ ਦਿਲ ਨੂੰ ਪਰਖਦਾ ਹੈ ਅਤੇ ਖਰਿਆਈ ਨਾਲ ਪ੍ਰਸੰਨ ਹੈ। ਇਹ ਸਾਰੀਆਂ ਚੀਜ਼ਾਂ ਮੈਂ ਆਪਣੀ ਇੱਛਾ ਨਾਲ ਅਤੇ ਇਮਾਨਦਾਰੀ ਨਾਲ ਦਿੱਤੀਆਂ ਹਨ ਅਤੇ ਹੁਣ ਮੈਂ ਖੁਸ਼ੀ ਨਾਲ ਦੇਖਿਆ ਹੈ ਕਿ ਤੁਹਾਡੇ ਲੋਕਾਂ ਨੇ ਜੋ ਇੱਥੇ ਹਨ ਤੁਹਾਨੂੰ ਕਿੰਨੀ ਖੁਸ਼ੀ ਨਾਲ ਦਿੱਤਾ ਹੈ।
18ਹੇ ਯਾਹਵੇਹ, ਸਾਡੇ ਪੁਰਖਿਆਂ ਅਬਰਾਹਾਮ, ਇਸਹਾਕ ਅਤੇ ਇਸਰਾਏਲ ਦੇ ਪਰਮੇਸ਼ਵਰ, ਆਪਣੀ ਪਰਜਾ ਦੇ ਹਿਰਦਿਆਂ ਦੇ ਧਿਆਨ ਅਤੇ ਵਿਚਾਰਾਂ ਵਿੱਚ ਸਦਾ ਇਹ ਦ੍ਰਿੜ੍ਹ ਕਰ।
19ਅਤੇ ਮੇਰੇ ਪੁੱਤਰ ਸ਼ਲੋਮੋਨ ਨੂੰ ਸੱਚਾ ਮਨ ਬਖ਼ਸ਼ ਤਾਂ ਜੋ ਉਹ ਤੇਰਿਆਂ ਹੁਕਮਾਂ ਅਤੇ ਸਾਖੀਆਂ ਬਿਧੀਆਂ ਦੀ ਪਾਲਨਾ ਕਰੇ ਅਤੇ ਇੰਨ੍ਹਾਂ ਸਭਨਾਂ ਦੇ ਅਨੁਸਾਰ ਚੱਲੇ ਅਤੇ ਉਸ ਭਵਨ ਨੂੰ ਉਸਾਰੇ, ਜਿਸ ਦੇ ਲਈ ਮੈਂ ਤਿਆਰੀ ਕੀਤੀ ਹੈ।”
20ਤਦ ਦਾਵੀਦ ਨੇ ਸਾਰੀ ਸਭਾ ਨੂੰ ਆਖਿਆ, “ਯਾਹਵੇਹ ਆਪਣੇ ਪਰਮੇਸ਼ਵਰ ਦੀ ਉਸਤਤ ਕਰੋ।” ਇਸ ਲਈ ਉਹਨਾਂ ਸਾਰਿਆਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੀ ਉਸਤਤ ਕੀਤੀ। ਉਹਨਾਂ ਨੇ ਆਪਣੇ ਆਪ ਨੂੰ ਯਾਹਵੇਹ ਅਤੇ ਰਾਜੇ ਅੱਗੇ ਮੱਥਾ ਟੇਕਿਆ।
21ਅਗਲੇ ਦਿਨ ਉਹਨਾਂ ਨੇ ਯਾਹਵੇਹ ਦੇ ਅੱਗੇ ਬਲੀਆਂ ਚੜ੍ਹਾਈਆਂ ਅਤੇ ਉਸ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ: ਇੱਕ ਹਜ਼ਾਰ ਬਲਦ, ਇੱਕ ਹਜ਼ਾਰ ਭੇਡੂ ਅਤੇ ਇੱਕ ਹਜ਼ਾਰ ਭੇਡ ਦੇ ਬੱਚੇ ਅਤੇ ਉਹਨਾਂ ਦੀਆਂ ਪੀਣ ਦੀਆਂ ਭੇਟਾਂ ਅਤੇ ਸਾਰੇ ਇਸਰਾਏਲ ਦੇ ਲਈ ਬਹੁਤਾਤ ਵਿੱਚ ਹੋਰ ਬਲੀਦਾਨ।
22ਉਸ ਦਿਨ ਉਹਨਾਂ ਨੇ ਯਾਹਵੇਹ ਦੀ ਹਜ਼ੂਰੀ ਵਿੱਚ ਬੜੇ ਅਨੰਦ ਨਾਲ ਖਾਧਾ ਅਤੇ ਪੀਤਾ। ਫਿਰ ਉਹਨਾਂ ਨੇ ਦਾਵੀਦ ਦੇ ਪੁੱਤਰ ਸ਼ਲੋਮੋਨ ਨੂੰ ਦੂਜੀ ਵਾਰ ਰਾਜਾ ਮੰਨ ਲਿਆ, ਉਸ ਨੂੰ ਯਾਹਵੇਹ ਦੇ ਸਾਹਮਣੇ ਰਾਜਾ ਬਣਨ ਲਈ ਅਤੇ ਸਾਦੋਕ ਨੂੰ ਜਾਜਕ ਬਣਨ ਲਈ ਮਸਹ ਕੀਤਾ।
23ਸੋ ਸ਼ਲੋਮੋਨ ਆਪਣੇ ਪਿਤਾ ਦਾਵੀਦ ਦੀ ਥਾਂ ਉੱਤੇ ਯਾਹਵੇਹ ਦੇ ਸਿੰਘਾਸਣ ਉੱਤੇ ਰਾਜਾ ਬਣਿਆ। ਉਹ ਖੁਸ਼ਹਾਲ ਹੋਇਆ ਅਤੇ ਸਾਰੇ ਇਸਰਾਏਲ ਨੇ ਉਸਦਾ ਕਹਿਣਾ ਮੰਨਿਆ।
24ਅਤੇ ਸਾਰੇ ਸਰਦਾਰ, ਸੂਰਮੇ, ਦਾਵੀਦ ਪਾਤਸ਼ਾਹ ਦੇ ਸਾਰੇ ਪੁੱਤਰ ਵੀ ਸ਼ਲੋਮੋਨ ਪਾਤਸ਼ਾਹ ਦੇ ਆਗਿਆਕਾਰੀ ਹੋਏ।
25ਯਾਹਵੇਹ ਨੇ ਸਾਰੇ ਇਸਰਾਏਲ ਦੀ ਨਿਗਾਹ ਵਿੱਚ ਸ਼ਲੋਮੋਨ ਨੂੰ ਬਹੁਤ ਉੱਚਾ ਕੀਤਾ ਅਤੇ ਉਸਨੂੰ ਸ਼ਾਹੀ ਸ਼ਾਨ ਬਖ਼ਸ਼ਿਆ ਜਿਵੇਂ ਇਸਰਾਏਲ ਦੇ ਕਿਸੇ ਰਾਜੇ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ।
26ਯੱਸੀ ਦਾ ਪੁੱਤਰ ਦਾਵੀਦ ਸਾਰੇ ਇਸਰਾਏਲ ਦਾ ਪਾਤਸ਼ਾਹ ਸੀ।
27ਉਸ ਨੇ ਇਸਰਾਏਲ ਉੱਤੇ ਚਾਲੀ ਸਾਲ ਰਾਜ ਕੀਤਾ, ਹੇਬਰੋਨ ਵਿੱਚ ਸੱਤ ਅਤੇ ਯੇਰੂਸ਼ਲੇਮ ਵਿੱਚ ਤੇਤੀ ਸਾਲ।
28ਉਹ ਲੰਮੀ ਉਮਰ, ਦੌਲਤ ਅਤੇ ਇੱਜ਼ਤ ਦਾ ਆਨੰਦ ਮਾਣਦਿਆਂ ਬੁਢਾਪੇ ਵਿੱਚ ਮਰ ਗਿਆ। ਉਸ ਦਾ ਪੁੱਤਰ ਸ਼ਲੋਮੋਨ ਉਸ ਤੋਂ ਬਾਅਦ ਰਾਜਾ ਬਣਿਆ।
29ਅਤੇ ਦਾਵੀਦ ਪਾਤਸ਼ਾਹ ਘਟਨਾਵਾਂ ਆਦ ਤੋਂ ਲੈ ਕੇ ਅੰਤ ਤੱਕ, ਵੇਖੋ, ਉਹ ਸਮੂਏਲ ਦਰਸ਼ੀ ਦੇ ਇਤਿਹਾਸ ਵਿੱਚ ਅਤੇ ਨਾਥਾਨ ਨਬੀ ਦੇ ਇਤਿਹਾਸ ਵਿੱਚ ਅਤੇ ਗਾਦ ਦਰਸ਼ੀ ਦੇ ਇਤਿਹਾਸ ਵਿੱਚ ਲਿਖਿਆ ਹੈ।
30ਅਰਥਾਤ ਉਸ ਦੇ ਸਾਰੇ ਰਾਜ ਅਤੇ ਬਲ ਦਾ ਵਰਨਣ ਅਤੇ ਜਿਹੜੇ-ਜਿਹੜੇ ਸਮੇਂ ਉਸ ਉੱਤੇ ਅਤੇ ਇਸਰਾਏਲ ਉੱਤੇ ਅਤੇ ਸਾਰੇ ਦੇਸ਼ਾਂ ਦੀਆਂ ਸਾਰੀਆਂ ਰਾਜਧਾਨੀਆਂ ਉੱਤੇ ਵਰਤਮਾਨ ਹੋਏ ਸਨ ਉਨ੍ਹਾਂ ਦਾ ਹਾਲ ਸਭ ਲਿਖਿਆ ਹੈ।