16ਹੇ ਯਾਹਵੇਹ, ਸਾਡੇ ਪਰਮੇਸ਼ਵਰ, ਇਹ ਸਾਰੀ ਬਹੁਤਾਤ ਜੋ ਅਸੀਂ ਤੁਹਾਡੇ ਪਵਿੱਤਰ ਨਾਮ ਲਈ ਇੱਕ ਭਵਨ ਬਣਾਉਣ ਲਈ ਪ੍ਰਦਾਨ ਕੀਤੀ ਹੈ, ਤੁਹਾਡੇ ਹੱਥੋਂ ਆਉਂਦੀ ਹੈ, ਅਤੇ ਇਹ ਸਾਰਾ ਕੁਝ ਤੇਰਾ ਹੈ।
17ਹੇ ਮੇਰੇ ਪਰਮੇਸ਼ਵਰ, ਮੈਂ ਜਾਣਦਾ ਹਾਂ ਕਿ ਤੂੰ ਦਿਲ ਨੂੰ ਪਰਖਦਾ ਹੈ ਅਤੇ ਖਰਿਆਈ ਨਾਲ ਪ੍ਰਸੰਨ ਹੈ। ਇਹ ਸਾਰੀਆਂ ਚੀਜ਼ਾਂ ਮੈਂ ਆਪਣੀ ਇੱਛਾ ਨਾਲ ਅਤੇ ਇਮਾਨਦਾਰੀ ਨਾਲ ਦਿੱਤੀਆਂ ਹਨ ਅਤੇ ਹੁਣ ਮੈਂ ਖੁਸ਼ੀ ਨਾਲ ਦੇਖਿਆ ਹੈ ਕਿ ਤੁਹਾਡੇ ਲੋਕਾਂ ਨੇ ਜੋ ਇੱਥੇ ਹਨ ਤੁਹਾਨੂੰ ਕਿੰਨੀ ਖੁਸ਼ੀ ਨਾਲ ਦਿੱਤਾ ਹੈ।
18ਹੇ ਯਾਹਵੇਹ, ਸਾਡੇ ਪੁਰਖਿਆਂ ਅਬਰਾਹਾਮ, ਇਸਹਾਕ ਅਤੇ ਇਸਰਾਏਲ ਦੇ ਪਰਮੇਸ਼ਵਰ, ਆਪਣੀ ਪਰਜਾ ਦੇ ਹਿਰਦਿਆਂ ਦੇ ਧਿਆਨ ਅਤੇ ਵਿਚਾਰਾਂ ਵਿੱਚ ਸਦਾ ਇਹ ਦ੍ਰਿੜ੍ਹ ਕਰ।
19ਅਤੇ ਮੇਰੇ ਪੁੱਤਰ ਸ਼ਲੋਮੋਨ ਨੂੰ ਸੱਚਾ ਮਨ ਬਖ਼ਸ਼ ਤਾਂ ਜੋ ਉਹ ਤੇਰਿਆਂ ਹੁਕਮਾਂ ਅਤੇ ਸਾਖੀਆਂ ਬਿਧੀਆਂ ਦੀ ਪਾਲਨਾ ਕਰੇ ਅਤੇ ਇੰਨ੍ਹਾਂ ਸਭਨਾਂ ਦੇ ਅਨੁਸਾਰ ਚੱਲੇ ਅਤੇ ਉਸ ਭਵਨ ਨੂੰ ਉਸਾਰੇ, ਜਿਸ ਦੇ ਲਈ ਮੈਂ ਤਿਆਰੀ ਕੀਤੀ ਹੈ।”
20ਤਦ ਦਾਵੀਦ ਨੇ ਸਾਰੀ ਸਭਾ ਨੂੰ ਆਖਿਆ, “ਯਾਹਵੇਹ ਆਪਣੇ ਪਰਮੇਸ਼ਵਰ ਦੀ ਉਸਤਤ ਕਰੋ।” ਇਸ ਲਈ ਉਹਨਾਂ ਸਾਰਿਆਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੀ ਉਸਤਤ ਕੀਤੀ। ਉਹਨਾਂ ਨੇ ਆਪਣੇ ਆਪ ਨੂੰ ਯਾਹਵੇਹ ਅਤੇ ਰਾਜੇ ਅੱਗੇ ਮੱਥਾ ਟੇਕਿਆ।