9ਤਾਂ ਲੋਕਾਂ ਨੇ ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਖੁਸ਼ੀ ਨਾਲ ਭੇਟਾਂ ਦਿੱਤੀਆਂ ਸਨ, ਕਿਉਂ ਜੋ ਸਿੱਧੇ ਮਨ ਨਾਲ ਉਨ੍ਹਾਂ ਨੇ ਯਾਹਵੇਹ ਦੇ ਲਈ ਭੇਟਾਂ ਚੜ੍ਹਾਈਆਂ ਸਨ ਅਤੇ ਦਾਵੀਦ ਪਾਤਸ਼ਾਹ ਨੇ ਵੀ ਬਹੁਤ ਅਨੰਦ ਕੀਤਾ।
10ਦਾਵੀਦ ਨੇ ਸਾਰੀ ਸਭਾ ਦੇ ਸਾਹਮਣੇ ਯਾਹਵੇਹ ਦੀ ਉਸਤਤ ਕਰਦੇ ਹੋਏ ਕਿਹਾ, “ਯਾਹਵੇਹ ਦੀ ਮਹਿਮਾ ਹੋਵੇ ਸਾਡੇ ਪਿਤਾ ਇਸਰਾਏਲ ਦੇ ਪਰਮੇਸ਼ਵਰ, ਤੂੰ ਸਦੀਪਕਾਲ ਤੱਕ ਧੰਨ ਹੋ।
11ਹੇ ਯਾਹਵੇਹ, ਵਡਿਆਈ ਅਤੇ ਸ਼ਕਤੀ ਅਤੇ ਮਹਿਮਾ, ਪਰਤਾਪ ਅਤੇ ਫਤਹਿ ਤੇਰੀ ਹੈ, ਕਿਉਂਕਿ ਅਕਾਸ਼ ਅਤੇ ਧਰਤੀ ਵਿੱਚ ਸਭ ਕੁਝ ਤੇਰਾ ਹੈ। ਹੇ ਯਾਹਵੇਹ, ਰਾਜ ਤੇਰਾ ਹੀ ਹੈ; ਤੂੰ ਸਾਰਿਆਂ ਦੇ ਸਿਰ ਉੱਤੇ ਉੱਚੇ ਤੋਂ ਉੱਚਾ ਹੈ।
12ਦੌਲਤ ਅਤੇ ਇੱਜ਼ਤ ਤੇਰੇ ਵੱਲੋਂ ਆਉਂਦੀ ਹੈ। ਤੂੰ ਸਾਰੀਆਂ ਚੀਜ਼ਾਂ ਦਾ ਹਾਕਮ ਹੈ। ਤੇਰੇ ਹੱਥਾਂ ਵਿੱਚ ਸ਼ਕਤੀ ਅਤੇ ਬਲ ਹੈ ਸਾਰਿਆਂ ਨੂੰ ਉੱਚਾ ਕਰਨ ਅਤੇ ਤਾਕਤ ਦੇਣ ਲਈ।
13ਹੁਣ, ਹੇ ਸਾਡੇ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਉਸਤਤ ਕਰਦੇ ਹਾਂ।