1ਸਮੇਂ ਦੇ ਬੀਤਣ ਨਾਲ, ਅੰਮੋਨੀਆਂ ਦਾ ਰਾਜਾ ਨਾਹਾਸ਼ ਮਰ ਗਿਆ ਅਤੇ ਉਸ ਦਾ ਪੁੱਤਰ ਉਸ ਤੋਂ ਬਾਅਦ ਰਾਜਾ ਬਣਿਆ।
2ਦਾਵੀਦ ਨੇ ਸੋਚਿਆ, “ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਦੇ ਨਾਲ ਭਲਿਆਈ ਕਰਾਂਗਾ, ਕਿਉਂਕਿ ਉਸਦੇ ਪਿਤਾ ਨੇ ਮੇਰੇ ਨਾਲ ਭਲਿਆਈ ਕੀਤੀ ਸੀ।” ਇਸ ਲਈ ਦਾਵੀਦ ਨੇ ਹਾਨੂਨ ਨੂੰ ਉਸ ਦੇ ਪਿਤਾ ਬਾਰੇ ਹਮਦਰਦੀ ਪ੍ਰਗਟ ਕਰਨ ਲਈ ਆਪਣੇ ਸੇਵਕ ਭੇਜੇ। ਜਦੋਂ ਦਾਵੀਦ ਦੇ ਸੰਦੇਸ਼ਵਾਹਕ ਅੰਮੋਨੀਆਂ ਦੇ ਦੇਸ਼ ਵਿੱਚ ਹਾਨੂਨ ਕੋਲ ਉਸ ਨਾਲ ਹਮਦਰਦੀ ਪ੍ਰਗਟ ਕਰਨ ਲਈ ਆਏ ਸਨ,
3ਤਦ ਅੰਮੋਨੀਆਂ ਦੇ ਸਰਦਾਰਾਂ ਨੇ ਹਾਨੂਨ ਨੂੰ ਆਖਿਆ, “ਕੀ ਤੁਹਾਨੂੰ ਲੱਗਦਾ ਹੈ ਦਾਵੀਦ ਤੁਹਾਡੇ ਪਿਤਾ ਦਾ ਆਦਰ ਕਰਦਾ ਹੈ ਜੋ ਉਸ ਨੇ ਤਸੱਲੀ ਦੇਣ ਲਈ ਤੁਹਾਡੇ ਕੋਲ ਲੋਕ ਭੇਜੇ ਹਨ? ਕੀ ਉਹ ਦੇ ਸੇਵਕ ਤੁਹਾਡੇ ਕੋਲ ਇਸ ਲਈ ਨਹੀਂ ਆਏ ਕਿ ਖੋਜ ਕਰਨ, ਨਾਸ ਕਰਨ ਅਤੇ ਦੇਸ ਦਾ ਭੇਤ ਲੈਣ?”
4ਇਸ ਲਈ ਹਾਨੂਨ ਨੇ ਦਾਵੀਦ ਦੇ ਸੰਦੇਸ਼ਵਾਹਕਾਂ ਨੂੰ ਫੜ ਲਿਆ ਅਤੇ ਉਹਨਾਂ ਦੀਆਂ ਦਾੜ੍ਹੀਆਂ ਮੁਨਵਾ ਦਿੱਤੀਆਂ ਅਤੇ ਉਨ੍ਹਾਂ ਦੇ ਬਸਤਰ ਅੱਧ ਵਿੱਚਕਾਰੋਂ ਲੱਕ ਤੱਕ ਪਾੜ ਸੁੱਟੇ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।