9ਤੁਸੀਂ ਉਹਨਾਂ ਸਭਨਾਂ ਨਾਲੋਂ ਜੋ ਤੁਹਾਡੇ ਤੋਂ ਪਹਿਲਾਂ ਰਹਿੰਦੇ ਸਨ, ਵੱਧ ਬੁਰਿਆਈ ਕੀਤੀ ਹੈ। ਤੁਸੀਂ ਆਪਣੇ ਲਈ ਹੋਰ ਦੇਵਤੇ ਬਣਾਏ ਹਨ, ਧਾਤੂ ਦੀਆਂ ਮੂਰਤੀਆਂ ਬਣਾਈਆਂ ਹਨ, ਤੂੰ ਮੇਰਾ ਕ੍ਰੋਧ ਭੜਕਾਇਆ ਹੈ ਅਤੇ ਮੇਰੇ ਤੋਂ ਮੂੰਹ ਮੋੜ ਲਿਆ ਹੈ।
10“ ‘ਇਸ ਕਾਰਨ ਮੈਂ ਯਾਰਾਬੁਆਮ ਦੇ ਘਰਾਣੇ ਉੱਤੇ ਤਬਾਹੀ ਲਿਆਉਣ ਜਾ ਰਿਹਾ ਹਾਂ। ਮੈਂ ਯਾਰਾਬੁਆਮ ਤੋਂ ਇਸਰਾਏਲ ਦੇ ਹਰ ਆਖਰੀ ਆਦਮੀ ਨੂੰ ਕੱਟ ਦਿਆਂਗਾ ਗ਼ੁਲਾਮ ਜਾਂ ਅਜ਼ਾਦ, ਮੈਂ ਯਾਰਾਬੁਆਮ ਦੇ ਘਰਾਣੇ ਨੂੰ ਇਸ ਤਰ੍ਹਾਂ ਸਾੜ ਦਿਆਂਗਾ ਜਿਵੇਂ ਕੋਈ ਗੋਹੇ ਨੂੰ ਸਾੜਦਾ ਹੈ, ਜਦ ਤੱਕ ਇਹ ਸਭ ਖਤਮ ਨਹੀਂ ਹੋ ਜਾਂਦਾ।
11ਯਾਰਾਬੁਆਮ ਦੇ ਘਰ ਦੇ ਮੈਂਬਰ ਜਿਹੜੇ ਸ਼ਹਿਰ ਵਿੱਚ ਮਰਨਗੇ ਉਹਨਾਂ ਨੂੰ ਕੁੱਤੇ ਖਾ ਜਾਣਗੇ ਅਤੇ ਜਿਹੜੇ ਦੇਸ ਵਿੱਚ ਮਰਨਗੇ ਉਹਨਾਂ ਨੂੰ ਪੰਛੀ ਖਾਣਗੇ, ਕਿਉਂ ਜੋ ਯਾਹਵੇਹ ਇਸ ਤਰ੍ਹਾਂ ਬੋਲਿਆ ਹੈ।’
12“ਜਿੱਥੋਂ ਤੱਕ ਤੁਹਾਡੀ ਗੱਲ ਹੈ, ਘਰ ਵਾਪਸ ਜਾ। ਤੇਰੇ ਸ਼ਹਿਰ ਵਿੱਚ ਪੈਰ ਰੱਖਦਿਆਂ ਸਾਰ ਹੀ ਮੁੰਡਾ ਮਰ ਜਾਵੇਗਾ।
13ਸਾਰਾ ਇਸਰਾਏਲ ਉਹ ਦੇ ਲਈ ਸੋਗ ਕਰੇਗਾ ਅਤੇ ਉਸ ਨੂੰ ਦਫ਼ਨਾਉਣਗੇ। ਸਿਰਫ ਉਹੀ ਯਾਰਾਬੁਆਮ ਦਾ ਹੈ ਜਿਸ ਨੂੰ ਦਫ਼ਨਾਇਆ ਜਾਵੇਗਾ ਕਿਉਂਕਿ ਯਾਰਾਬੁਆਮ ਦੇ ਘਰਾਣੇ ਵਿੱਚ ਸਿਰਫ ਉਹੀ ਵਿਅਕਤੀ ਹੈ ਜਿਸ ਵਿੱਚ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਨੇ ਕੁਝ ਵੀ ਚੰਗਾ ਪਾਇਆ ਹੈ।