14ਜੇ ਤੁਸੀਂ ਯਾਹਵੇਹ ਤੋਂ ਡਰਦੇ ਰਹੋਗੇ ਅਤੇ ਉਸ ਦੀ ਉਪਾਸਨਾ ਕਰਦੇ ਰਹੋਗੇ, ਅਤੇ ਉਸ ਦੇ ਬਚਨ ਮੰਨੋਗੇ ਅਤੇ ਉਸ ਦੇ ਹੁਕਮਾਂ ਦੀ ਉਲੰਘਣਾ ਨਾ ਕਰੋਗੇ ਅਤੇ ਜੇਕਰ ਤੁਸੀਂ ਅਤੇ ਤੁਹਾਡੇ ਉੱਤੇ ਰਾਜ ਕਰਨ ਵਾਲਾ ਰਾਜਾ ਯਾਹਵੇਹ ਆਪਣੇ ਪਰਮੇਸ਼ਵਰ ਦੇ ਮਗਰ ਲੱਗੇ ਰਹੋਗੇ!
15ਪਰ ਜੇ ਤੁਸੀਂ ਯਾਹਵੇਹ ਦਾ ਬਚਨ ਨਾ ਮੰਨੋ ਅਤੇ ਉਸ ਦੇ ਹੁਕਮਾਂ ਦੀ ਉਲੰਘਣਾ ਕਰੋਗੇ ਤਾਂ ਯਾਹਵੇਹ ਦਾ ਹੱਥ ਤੁਹਾਡੇ ਵਿਰੁੱਧ ਹੋਵੇਗਾ ਜਿਵੇਂ ਤੁਹਾਡੇ ਪੁਰਖਿਆਂ ਦੇ ਵਿਰੁੱਧ ਸੀ।
16“ਹੁਣ, ਤੁਸੀਂ ਖੜ੍ਹੇ ਰਹੋ ਅਤੇ ਇਸ ਮਹਾਨ ਕੰਮ ਨੂੰ ਵੇਖੋ ਜੋ ਯਾਹਵੇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਰਨ ਵਾਲਾ ਹੈ!
17ਕੀ ਹੁਣ ਕਣਕ ਦੀ ਵਾਢੀ ਦਾ ਸਮਾਂ ਨਹੀਂ? ਮੈਂ ਯਾਹਵੇਹ ਨੂੰ ਪੁਕਾਰਾਂਗਾ ਜੋ ਬੱਦਲਾਂ ਨੂੰ ਗਰਜਾਵੇ ਅਤੇ ਮੀਂਹ ਘੱਲੇ ਇਸ ਕਰਕੇ ਜੋ ਤੁਸੀਂ ਜਾਣੋ ਅਤੇ ਵੇਖੋ, ਜੋ ਯਾਹਵੇਹ ਕੋਲੋਂ ਰਾਜਾ ਮੰਗਣ ਦਾ ਇੱਕ ਵੱਡਾ ਪਾਪ ਕੀਤਾ ਹੈ।”
18ਤਦ ਸਮੂਏਲ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਉਸੇ ਦਿਨ ਗਰਜ ਹੋਈ ਅਤੇ ਯਾਹਵੇਹ ਨੇ ਮੀਂਹ ਭੇਜਿਆ। ਇਸ ਲਈ ਸਾਰੇ ਲੋਕ ਯਾਹਵੇਹ ਅਤੇ ਸਮੂਏਲ ਕੋਲੋ ਬਹੁਤ ਡਰ ਗਏ।