14ਇੱਕ ਨੌਕਰ ਨੇ ਨਾਬਾਲ ਦੀ ਪਤਨੀ ਅਬੀਗੈਲ ਨੂੰ ਕਿਹਾ, “ਦਾਵੀਦ ਨੇ ਉਜਾੜ ਵਿੱਚੋਂ ਸੰਦੇਸ਼ਵਾਹਕ ਭੇਜੇ ਜੋ ਸਾਡੇ ਮਾਲਕ ਨੂੰ ਸ਼ੁਭਕਾਮਨਾਵਾਂ ਦੇਣ ਆਏ ਪਰ ਉਸ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ।
15ਫਿਰ ਵੀ ਉਹ ਮਨੁੱਖ ਸਾਡੇ ਲਈ ਬਹੁਤ ਚੰਗੇ ਸਨ। ਉਹਨਾਂ ਨੇ ਸਾਡੇ ਨਾਲ ਦੁਰਵਿਵਹਾਰ ਨਹੀਂ ਕੀਤਾ, ਅਤੇ ਸਾਰਾ ਸਮਾਂ ਅਸੀਂ ਉਹਨਾਂ ਦੇ ਨੇੜੇ ਖੇਤਾਂ ਵਿੱਚ ਰਹੇ, ਪਰ ਸਾਡੀ ਕੋਈ ਚੀਜ਼ ਵੀ ਨਹੀਂ ਗੁਆਚੀ।
16ਸਗੋਂ ਜਿੰਨਾਂ ਚਿਰ ਅਸੀਂ ਉਹਨਾਂ ਦੇ ਨਾਲ ਭੇਡਾਂ ਬੱਕਰੀਆਂ ਚਰਾਉਂਦੇ ਰਹੇ ਤਾਂ ਰਾਤ ਨੂੰ ਵੀ ਅਸੀਂ ਕੰਧ ਵਰਗੀ ਸੁਰੱਖਿਆ ਵਿੱਚ ਸੀ।
17ਹੁਣ ਸੋਚੋ ਅਤੇ ਵੇਖੋ ਕਿ ਤੁਸੀਂ ਕੀ ਕਰ ਸਕਦੇ ਹੋ ਕਿਉਂ ਜੋ ਸਾਡੇ ਮਾਲਕ ਅਤੇ ਉਸਦੇ ਸਾਰੇ ਘਰਾਣੇ ਉੱਤੇ ਬਿਪਤਾ ਪੈਣ ਵਾਲੀ ਹੈ। ਉਹ ਅਜਿਹਾ ਦੁਸ਼ਟ ਆਦਮੀ ਹੈ ਕਿ ਕੋਈ ਵੀ ਉਸ ਨਾਲ ਗੱਲ ਨਹੀਂ ਕਰ ਸਕਦਾ।”
18ਅਬੀਗੈਲ ਫੁਰਤੀ ਨਾਲ ਉੱਠੀ ਅਤੇ ਕੰਮ ਕੀਤਾ। ਉਸ ਨੇ ਦੋ ਸੌ ਰੋਟੀਆਂ, ਮੈਅ ਦੀਆਂ ਦੋ ਖੱਲਾਂ, ਪੰਜ ਭੇਡਾਂ, ਭੁੰਨੇ ਹੋਏ ਦਾਣੇ ਦੇ ਪੰਜ ਸੇਹ, ਸੌਗੀ ਦੀਆਂ ਸੌ ਰੋਟੀਆਂ ਅਤੇ ਦੋ ਸੌ ਹੰਜੀਰਾਂ ਦੀਆਂ ਰੋਟੀਆਂ ਲੈ ਕੇ ਖੋਤਿਆਂ ਉੱਤੇ ਲੱਦ ਦਿੱਤੀਆਂ।