14ਤਦ ਉਸ ਨੇ ਪਰਮੇਸ਼ਵਰ ਦੇ ਬੰਦੇ ਦੇ ਕਹਿਣ ਦੇ ਅਨੁਸਾਰ ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ, ਅਤੇ ਉਸ ਦਾ ਸਰੀਰ ਛੋਟੇ ਬੱਚੇ ਦੇ ਸਰੀਰ ਵਰਗਾ ਸਾਫ਼ ਹੋ ਗਿਆ ਅਤੇ ਸ਼ੁੱਧ ਹੋ ਗਿਆ।
15ਤਦ ਨਾਮਾਨ ਅਤੇ ਉਸਦੇ ਸਾਰੇ ਸੇਵਕ ਪਰਮੇਸ਼ਵਰ ਦੇ ਬੰਦੇ ਕੋਲ ਵਾਪਸ ਮੁੜ ਆਏ। ਉਹ ਉਸਦੇ ਸਾਹਮਣੇ ਖਲੋ ਗਿਆ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਇਸਰਾਏਲ ਦੇ ਪਰਮੇਸ਼ਵਰ ਤੋਂ ਬਿਨਾਂ ਸਾਰੀ ਦੁਨੀਆਂ ਵਿੱਚ ਕੋਈ ਵੀ ਪਰਮੇਸ਼ਵਰ ਨਹੀਂ ਹੈ। ਇਸ ਲਈ ਕਿਰਪਾ ਕਰਕੇ ਆਪਣੇ ਸੇਵਕ ਤੋਂ ਇੱਕ ਭੇਟ ਕਬੂਲ ਕਰੋ।”
16ਤਾਂ ਅਲੀਸ਼ਾ ਨੇ ਜਵਾਬ ਦਿੱਤਾ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਮੈਂ ਕੁਝ ਵੀ ਸਵੀਕਾਰ ਨਹੀਂ ਕਰਾਂਗਾ।” ਅਤੇ ਭਾਵੇਂ ਨਾਮਾਨ ਨੇ ਉਸਨੂੰ ਮਜ਼ਬੂਰ ਕੀਤਾ ਕਿ ਉਹ ਭੇਟ ਕਬੂਲ ਕਰੇ ਫਿਰ ਵੀ ਉਸਨੇ ਇਨਕਾਰ ਕਰ ਦਿੱਤਾ।
17ਨਾਮਾਨ ਨੇ ਕਿਹਾ, “ਜੇ ਤੁਸੀਂ ਨਹੀਂ ਕਰੋਗੇ, ਤੇਰੇ ਸੇਵਕ ਨੂੰ ਦੋ ਖੱਚਰਾਂ ਦੇ ਭਾਰ ਦੇ ਬਰਾਬਰ ਮਿੱਟੀ ਦਿੱਤੀ ਜਾਵੇ, ਕਿਉਂ ਜੋ ਤੇਰਾ ਸੇਵਕ ਹੁਣ ਤੋਂ ਲੈ ਕੇ ਯਾਹਵੇਹ ਤੋਂ ਬਿਨ੍ਹਾਂ ਹੋਰ ਕਿਸੇ ਦੇਵਤੇ ਅੱਗੇ ਨਾ ਤਾਂ ਹੋਮ ਦੀ ਬਲੀ ਅਤੇ ਨਾ ਭੇਟ ਚੜ੍ਹਾਵੇਗਾ।
18ਪਰ ਯਾਹਵੇਹ ਤੁਹਾਡੇ ਸੇਵਕ ਨੂੰ ਇਸ ਗੱਲ ਲਈ ਮਾਫ਼ ਕਰੇ: ਜਦੋਂ ਮੇਰਾ ਮਾਲਕ ਰਿੰਮੋਨ ਦੇ ਮੰਦਰ ਵਿੱਚ ਮੱਥਾ ਟੇਕਣ ਲਈ ਪ੍ਰਵੇਸ਼ ਕਰੇ ਤਾਂ ਉਹ ਮੇਰੀ ਬਾਂਹ ਉੱਤੇ ਢਾਸਣਾ ਲਾਵੇ ਅਤੇ ਮੈਂ ਰਿੰਮੋਨ ਦੇ ਮੰਦਰ ਵਿੱਚ ਸਿਰ ਝੁਕਾਵਾ, ਯਾਹਵੇਹ ਤੁਹਾਡੇ ਸੇਵਕ ਨੂੰ ਇਸ ਗੱਲ ਲਈ ਮਾਫ਼ ਕਰੇ।”