1ਹੁਣ ਨਾਮਾਨ ਅਰਾਮ ਦੇ ਰਾਜੇ ਦੀ ਸੈਨਾ ਦਾ ਸੈਨਾਪਤੀ ਸੀ। ਉਹ ਆਪਣੇ ਮਾਲਕ ਦੀ ਨਜ਼ਰ ਵਿੱਚ ਇੱਕ ਵੱਡਾ ਆਦਮੀ ਸੀ ਅਤੇ ਉਸਦਾ ਬਹੁਤ ਆਦਰ ਮਾਣ ਕੀਤਾ ਜਾਂਦਾ ਸੀ, ਕਿਉਂਕਿ ਉਸਦੇ ਦੁਆਰਾ ਯਾਹਵੇਹ ਨੇ ਅਰਾਮ ਨੂੰ ਜਿੱਤ ਦਿੱਤੀ ਸੀ। ਉਹ ਇੱਕ ਬਹਾਦਰ ਸੂਰਮਾ ਸੀ, ਪਰ ਉਸ ਨੂੰ ਕੋੜ੍ਹ ਸੀ।
2ਹੁਣ ਅਰਾਮ ਤੋਂ ਸੈਨਾਂ ਜੱਥੇ ਬੰਨ੍ਹ ਕੇ ਨਿਕਲੇ ਅਤੇ ਇਸਰਾਏਲ ਵਿੱਚੋਂ ਇੱਕ ਛੋਟੀ ਕੁੜੀ ਨੂੰ ਬੰਦੀ ਬਣਾ ਕੇ ਨਾਲ ਲੈ ਆਏ ਅਤੇ ਉਹ ਨਾਮਾਨ ਦੀ ਪਤਨੀ ਦੀ ਦਾਸੀ ਬਣੀ ਸੀ।
3ਇੱਕ ਦਿਨ ਉਸ ਛੋਟੀ ਕੁੜੀ ਨੇ ਆਪਣੀ ਮਾਲਕਣ ਨੂੰ ਕਿਹਾ, “ਕਾਸ਼ ਕਿ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ! ਤਾਂ ਉਹ ਉਸਨੂੰ ਉਸਦੇ ਕੋੜ੍ਹ ਤੋਂ ਚੰਗਾ ਕਰ ਦਿੰਦਾ।”
4ਨਾਮਾਨ ਆਪਣੇ ਸੁਆਮੀ ਕੋਲ ਗਿਆ ਅਤੇ ਉਸ ਨੂੰ ਦੱਸਿਆ ਕਿ ਉਸ ਕੁੜੀ ਨੇ ਜੋ ਇਸਰਾਏਲ ਦੇ ਦੇਸ਼ ਦੀ ਹੈ ਉਸ ਨੇ ਇਸ ਤਰ੍ਹਾਂ ਕਿਹਾ ਹੈ।