2ਤੀਜੇ ਦਿਨ ਸ਼ਾਊਲ ਦੇ ਡੇਰੇ ਤੋਂ ਇੱਕ ਆਦਮੀ ਜਿਸਦੇ ਕੱਪੜੇ ਪਾੜੇ ਅਤੇ ਸਿਰ ਵਿੱਚ ਮਿੱਟੀ ਪਈ ਹੋਈ ਸੀ ਦਾਵੀਦ ਕੋਲ ਆਇਆ। ਜਦੋਂ ਉਹ ਦਾਵੀਦ ਕੋਲ ਆਇਆ, ਤਾਂ ਉਹ ਦਾਵੀਦ ਨੂੰ ਆਦਰ ਦੇਣ ਲਈ ਜ਼ਮੀਨ ਤੇ ਡਿੱਗ ਪਿਆ।
3ਦਾਵੀਦ ਨੇ ਉਸਨੂੰ ਪੁੱਛਿਆ, “ਤੁਸੀਂ ਕਿੱਥੋਂ ਆਏ ਹੋ?” ਉਸ ਨੇ ਉੱਤਰ ਦਿੱਤਾ, “ਮੈਂ ਇਸਰਾਏਲ ਦੇ ਡੇਰੇ ਵਿੱਚੋਂ ਬਚ ਨਿੱਕਲਿਆ ਹਾਂ।”
4ਦਾਵੀਦ ਨੇ ਪੁੱਛਿਆ, “ਮੈਨੂੰ ਦੱਸ, ਕੀ ਹੋਇਆ?” ਉਸਨੇ ਜਵਾਬ ਦਿੱਤਾ, “ਮਨੁੱਖ ਲੜਾਈ ਵਿੱਚੋਂ ਭੱਜ ਗਏ, ਉਨ੍ਹਾਂ ਵਿੱਚੋਂ ਬਹੁਤ ਸਾਰੇ ਡਿੱਗ ਕੇ ਮਰ ਗਏ ਅਤੇ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਮਰ ਗਏ।”
5ਤਦ ਦਾਵੀਦ ਨੇ ਉਸ ਜੁਆਨ ਨੂੰ ਜਿਹੜਾ ਉਸ ਕੋਲ ਖ਼ਬਰ ਲਿਆਇਆ ਸੀ, ਆਖਿਆ, “ਤੈਨੂੰ ਕਿਵੇਂ ਪਤਾ ਕਿ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਮਰ ਗਏ ਹਨ?”
6ਉਸ ਨੌਜਵਾਨ ਨੇ ਕਿਹਾ, “ਮੈਂ ਗਿਲਬੋਆ ਪਹਾੜ ਉੱਤੇ ਸੀ ਅਤੇ ਉੱਥੇ ਸ਼ਾਊਲ ਆਪਣੇ ਬਰਛੇ ਉੱਤੇ ਢਾਸਣਾ ਲਾਈ ਪਿਆ ਸੀ, ਤਾਂ ਵੇਖੋ, ਰੱਥ ਅਤੇ ਘੁੜਸਵਾਰ ਉਹਨਾਂ ਦਾ ਜ਼ੋਰਦਾਰ ਪਿੱਛਾ ਕਰ ਰਹੇ ਸੀ।